ਆਤਿਸ਼ ਗੁਪਤਾ
ਚੰਡੀਗੜ੍ਹ, 10 ਜਨਵਰੀ
ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਮੁਰਗੀਆਂ ਦੀ ਭੇਤਭਰੇ ਹਾਲਤ ਵਿੱਚ ਹੋ ਰਹੀ ਮੌਤ ਤੋਂ ਬਾਅਦ ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ 7 ਹੋਰ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਇਹ ਪੰਛੀ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਮ੍ਰਿਤਕ ਪਾਏ ਗਏ ਗਏ ਹਨ। ਇਸ ਨਾਲ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਪੰਛੀਆਂ ਵਿੱਚੋਂ 2 ਪੰਛੀ ਸੈਕਟਰ-7 ਵਿੱਚੋਂ ਅਤੇ ਸੈਕਟਰ-25, 50, 35, 39 ਅਤੇ ਦੜੂਆ ਵਿੱਚੋਂ ਇਕ-ਇਕ ਪੰਛੀ ਮਰੇ ਹੋਏ ਮਿਲੇ ਹਨ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨ ਨੇ ਪੰਛੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਹੁਣ ਤੱਕ ਚੰਡੀਗੜ੍ਹ ਵਿੱਚ ਕੁੱਲ ਡੇਢ ਦਰਜਨ ਤੋਂ ਵੱਧ ਪੰਛੀਆਂ ਦੀ ਮੌਤ ਹੋ ਚੁੱਕੀ ਹੈ।
ਯੂਟੀ ਪ੍ਰਸ਼ਾਸਨ ਨੇ ਹੁਣ ਤੱਕ 8 ਪੰਛੀਆਂ ਦੇ ਸੈਂਪਲ ਜਲੰਧਰ ਲੈਬਾਰਟਰੀ ਵੱਚ ਜਾਂਚ ਲਈ ਭੇਜ ਦਿੱਤੇ ਹਨ। ਇਨ੍ਹਾਂ ਵਿੱਚੋਂ ਲੰਘੇ ਦਿਨ ਦੋ ਰਿਪੋਰਟਾਂ ਨੈਗੇਟਿਵ ਆਈਆਂ ਹਨ ਜਦਕਿ 6 ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬਰਡ ਫਲੂ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ। ਇਸ ਗੱਲ ਦੀ ਪੁਸ਼ਟੀ ਜੰਗਲਾਤ ਵਿਭਾਗ ਦੇ ਅਧਿਕਾਰੀ ਅਬਦੁਲ ਕਿਊਮ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਹਿੰਦੀਆਂ 5 ਰਿਪੋਰਟਾਂ ਆਉਣ ਤੋਂ ਬਾਅਦ ਹੋਰਨਾਂ ਪੰਛੀਆਂ ਦੇ ਸੈਂਪਲ ਜਾਂਚ ਲਈ ਭੇਜੇ ਜਾਣਗੇ। ਕੇਂਦਰ ਸਰਕਾਰ ਦੇ ਆਦੇਸ਼ਾਂ ਸਦਕਾ ਯੂਟੀ ਪ੍ਰਸ਼ਾਸਨ ਸੁਖਨਾ ਝੀਲ ਸਣੇ ਸ਼ਹਿਰ ਵਿੱਚ ਪਾਣੀ ਵਾਲੀਆਂ ਥਾਵਾਂ ਦੀ ਜਾਂਚ ਕਰ ਰਿਹਾ ਹੈ।
ਮੁਰਗੀਆਂ ਮਾਰਨ ਦਾ ਕੰਮ ਜਾਰੀ
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਦੇ ਪਿੰਡ ਖੇੜੀ, ਪਿੰਡ ਦੰਦਲਾਵੜ ਤੇ ਪਿੰਡ ਗਨੌਲੀ ਦੇ ਪੋਲਟਰੀ ਫਾਰਮਾਂ ਵਿੱਚ ਬਰਡ ਫਲੂ ਕਾਰਨ ਆਸ-ਪਾਸ ਦੇ ਪੋਲਟਰੀ ਫਾਰਮਾਂ ਵਿੱਚ ਪਸ਼ੂ ਪਾਲਣ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ ਮੁਰਗੀਆਂ ਨੂੰ ਮਾਰਨ ਲਈ ਦਵਾਈ ਪਿਲਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਗਿਆ ਹੈ। ਜ਼ਿਲ੍ਹੇ ਵਿੱਚ ਪੈਂਦੇ 120 ਪੋਲਟਰੀ ਫਾਰਮਾਂ ਦੇ ਕਰਿੰਦਿਆਂ ਤੇ ਉਨ੍ਹਾਂ ਪਰਿਵਾਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਆਹੂਜਾ ਨੇ ਦੱਸਿਆ ਕਿ ਜਿਹੜੇ ਮੁਰਗੀ ਖਾਨਿਆਂ ਵਿੱਚ ਸਭ ਤੋਂ ਵੱਧ ਮੁਰਗੀਆਂ ਮਰੀਆਂ ਸਨ, ਉਨ੍ਹਾਂ ਵਿੱਚ ਪਿੰਡ ਖੇੜੀ, ਪਿੰਡ ਦੰਦਲਾਵੜ ਤੇ ਪਿੰਡ ਗਨੌਲੀ ਸ਼ਾਮਲ ਹਨ। ਉਨ੍ਹਾਂ ਪਿੰਡਾਂ ਦੇ 10 ਕਿਲੋਮੀਟਰ ਜ਼ੋਨ ਨੂੰ ਕੰਟੋਨਮੈਂਟ ਜ਼ੋਨ ਐਲਾਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਰਡ ਫਲੂ ਕਾਰਨ ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਅੰਡੇ ਤੇ ਮੀਟ ਦੀਆਂ ਕੀਮਤਾਂ ਵਿੱਚ ਸਿਰਫ ਪੰਜ ਫੀਸਦੀ ਕਮੀ ਆਈ ਹੈ। ਇਸੇ ਦੌਰਾਨ ਪੰਚਕੂਲਾ ਤੇ ਰਾਏਪੁਰਰਾਣੀ ਇਲਾਕੇ ਦੇ ਪੋਲਟਰੀ ਫਾਰਮਾਂ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਣ ਕਾਰਨ ਰਾਤ ਨੂੰ ਅਣਜਾਣ ਲੋਕਾਂ ਨੇ ਮੱਟਾਂਵਾਲਾ-ਰਾਏਪੁਰਰਾਣੀ ਸੜਕ ਉੱਤੇ ਪਿੰਡ ਖੰਗੇਸਰਾ ਦੇ ਲਾਗੇ ਸੜਕ ਦੇ ਕੰਢੇ ਮਰੀਆਂ ਮੁਰਗੀਆਂ ਸੁੱਟ ਦਿੱਤੀਆਂ। ਸੂਚਨਾ ਮਿਲਣ ’ਤੇ ਪਸ਼ੂ ਹਸਪਤਾਲ ਦੇ ਬੀਐੱਲਡੀਏ ਵਿਕਰਮ ਸਿੰਘ ਨੇ ਮੌਕੇ ’ਤੇ ਜਾ ਕੇ ਪਿੰਡ ਵਾਸੀਆਂ ਦੀ ਮਦਦ ਨਾਲ ਜੇਸੀਬੀ ਨਾਲ ਖੱਡਾ ਮਾਰ ਕੇ ਇਨ੍ਹਾਂ ਮੁਰਗੀਆਂ ਨੂੰ ਦੱਬ ਦਿੱਤਾ।