ਮੁਕੇਸ਼ ਕੁਮਾਰ
ਚੰਡੀਗੜ੍ਹ, 29 ਜਨਵਰੀ
ਚੰਡੀਗੜ੍ਹ ਦੀ ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਅਥਾਰਿਟੀ (ਆਰਐੱਲਏ) ਵੱਲੋਂ ਕੋਵਿਡ ਕਾਰਨ ਮੁਅੱਤਲ ਕੀਤੀਆਂ ਗਈਆਂ ਸੇਵਾਵਾਂ 31 ਜਨਵਰੀ ਤੋਂ ਬਹਾਲ ਕੀਤੀਆਂ ਜਾ ਰਹੀਆਂ ਹਨ। ਸ਼ਹਿਰ ਵਿੱਚ ਕੋਵਿਡ ਕੇਸ ਘਟਣ ਕਾਰਨ ਮਹਿਕਮੇ ਦੇ ਉੱਚ ਅਧਿਕਾਰੀਆਂ ਨੇ ਇਹ ਫੈਂਸਲਾ ਕੀਤਾ ਹੈ।
ਆਰਐੱਲਏ ਨਾਲ ਸਬੰਧਤ ਵਾਹਨ ਰਜਿਸਟਰੇਸ਼ਨ ਅਤੇ ਡਰਾਈਵਿੰਗ ਲਾਇਸੈਂਸ ਸਬੰਧੀ ਸੇਵਾਵਾਂ ਲਈ ਐਪੁਆਇੰਟਮੈਂਟ ਲੈਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਆਰਐੱਲਏ ਵੱਲੋਂ ਪਿਛਲੇ ਹਫਤੇ ਮੁਅੱਤਲ ਰੱਖੀਆਂ ਗਈਆਂ ਸੇਵਾਵਾਂ ਕਾਰਨ ਜਿਨ੍ਹਾਂ ਲੋਕਾਂ ਦੇ ਵਾਹਨ ਰਜਿਸਟਰੇਸ਼ਨ ਜਾਂ ਡਰਾਈਵਿੰਗ ਲਾਇਸੈਂਸ ਸਬੰਧੀ ਕਾਰਜ ਨਹੀਂ ਹੋ ਸਕੇ, ਉਨ੍ਹਾਂ ਦੀ ਐਪੁਆਇੰਟਮੈਂਟ ਨੂੰ ਅਗਲੇ ਮਹੀਨੇ ’ਤੇ ਪਾ ਦਿੱਤਾ ਗਿਆ ਹੈ। ਆਰਐੱਲਏ ਅਧਿਕਾਰੀਆਂ ਅਨੁਸਾਰ ਜਿਨ੍ਹਾਂ ਦੀ ਵਾਹਨ ਰਜਿਸਟਰੇਸ਼ਨ ਜਾਂ ਡਰਾਈਵਿੰਗ ਲਾਇਸੈਂਸ ਸਬੰਧੀ ਐਪੁਆਇੰਟਮੈਂਟ 20 ਜਨਵਰੀ ਨੂੰ ਸੀ, ਉਨ੍ਹਾਂ ਦੀ ਐਪੁਆਇੰਟਮੈਂਟ ਅੱਗੇ ਪਾਕੇ 20 ਫਰਵਰੀ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ 21 ਜਨਵਰੀ ਵਾਲਿਆਂ ਲਈ 21 ਫਰਵਰੀ, 24 ਜਨਵਰੀ ਵਾਲਿਆਂ ਦੀ 23 ਫਰਵਰੀ, 25 ਜਨਵਰੀ ਵਾਲਿਆਂ ਲਈ 24 ਫਰਵਰੀ, 27 ਜਨਵਰੀ ਵਾਲਿਆਂ ਦੀ 25 ਫਰਵਰੀ ਅਤੇ 28 ਜਨਵਰੀ ਵਾਲਿਆਂ ਦੀ 28 ਫਰਵਰੀ ਨੂੰ ਐਪੁਆਇੰਟਮੈਂਟ ਤੈਅ ਕੀਤੀ ਗਈ ਹੈ। ਆਰਐੱਲਏ ਦਫਤਰ ਵਿੱਚ ਆਉਣ ਵਾਲਿਆਂ ਲਈ ਕੋਵਿਡ-19 ਸਬੰਧੀ ਹਦਾਇਤਾਂ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ ਤੇ ਦਫ਼ਤਰ ਆਉਣ ਵਾਲੇ ਲੋਕਾਂ ਲਈ ਕਰੋਨਾ ਰੋਕੂ ਟੀਕਾਰਕਰਨ ਵੀ ਜ਼ਰੂਰੀ ਦੱਸਿਆ ਗਿਆ ਹੈ।