ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਮਈ
ਚੰਡੀਗੜ੍ਹ ਵਿੱਚੋਂ 10 ਕਿੱਲੋ ਕੋਕੀਨ ਸਣੇ ਕਾਬੂ ਕੀਤੇ ਗਏ ਵਿਅਕਤੀ ਤੋਂ ਪੁੱਛ-ਗਿੱਛ ਮਗਰੋਂ ਪੁਲੀਸ ਨੇ ਆਸਟ੍ਰੇਲਿਆਈ ਦੂਤਾਵਾਸ ਨਾਲ ਸੰਪਰਕ ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਹੈ ਤਾਂ ਜੋ ਆਸਟ੍ਰੇਲੀਆ ਵਿੱਚ ਕੋਕੀਨ ਦੀ ਡਿਲਿਵਰੀ ਸਬੰਧੀ ਪੜਤਾਲ ਕੀਤੀ ਜਾ ਸਕੇ। ਦੂਜੇ ਪਾਸੇ ਚੰਡੀਗੜ੍ਹ ਪੁਲੀਸ ਨੇ ਚੇਨਈ ਵਿੱਚ ਛਾਪੇ ਲਈ ਟੀਮ ਰਵਾਨਾ ਕਰ ਦਿੱਤੀ ਹੈ।
ਚੰਡੀਗੜ੍ਹ ਪੁਲੀਸ ਨੇ ਆਸਟ੍ਰੇਲੀਆ ਵਿੱਚ ਕੂਰੀਅਰ ਕਰਨ ਆਏ ਚੇਨਈ (ਤਮਿਲਨਾਡੂ) ਦੇ ਵਸਨੀਕ ਅਫਤਾਕ ਰਹਿਮਾਨ ਨੂੰ 10 ਕਿੱਲੋ ਕੋਕੀਨ ਸਣੇ ਕਾਬੂ ਕੀਤਾ ਸੀ ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 10 ਦਿਨਾਂ ਦਾ ਪੁਲੀਸ ਰਿਮਾਂਡ ਹਾਸਿਲ ਕੀਤਾ ਹੈ। ਪੁਲੀਸ ਵੱਲੋਂ ਕੀਤੀ ਗਈ ਪੁੱਛ-ਗਿੱਛ ਵਿੱਚ ਸਾਹਮਣੇ ਆਇਆ ਕਿ ਉਸ ਨੇ 40 ਦਿਨ ਪਹਿਲਾਂ ਵੀ ਸੈਕਟਰ-22 ਦੀ ਕੂਰੀਅਰ ਏਜੰਸੀ ਤੋਂ ਆਸਟ੍ਰੇਲੀਆ ਲਈ ਕੂਰੀਅਰ ਭੇਜਿਆ ਸੀ। ਪੁਲੀਸ ਦਾ ਸ਼ੱਕ ਹੈ ਕਿ ਉਸ ਵਿੱਚ ਵੀ ਕੋਕੀਨ ਸੀ ਜਿਸ ਲਈ ਆਸਟ੍ਰੇਲੀਆ ਵਿੱਚ ਪੜਤਾਲ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿੱਖ ਦਿੱਤਾ ਹੈ ਤਾਂ ਜੋ ਆਸਟ੍ਰੇਲੀਆ ਵਿੱਚ ਪੜਤਾਲ ਨੂੰ ਅੱਗੇ ਤੋਰਿਆ ਜਾ ਸਕੇ। ਇਸ ਸਬੰਧੀ ਏਐੱਸਪੀ ਸ਼ਰੁਤੀ ਅਰੋੜਾ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛ ਗਿੱਛ ਦੇ ਆਧਾਰ ’ਤੇ ਵੱਖ-ਵੱਖ ਪਹਿਲੂਆਂ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸੈਕਟਰ-22 ਦੀ ਕੂਰੀਅਰ ਏਜੰਸੀ ਦਾ ਰਿਕਾਰਡ ਖੰਘਾਲਿਆ ਜਾ ਰਿਹਾ ਹੈ ਤਾਂ ਚੇਨਈ ਘਰ ਦੇ ਆਲੇ-ਦੁਆਲੇ ਵੀ ਪੜਤਾਲ ਕੀਤੀ ਜਾ ਰਹੀ ਹੈ।