ਹਰਦੇਵ ਚੌਹਾਨ
ਚੰਡੀਗੜ੍ਹ, 1 ਨਵੰਬਰ
ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਕਲਾ ਭਵਨ ਵਿੱਚ ‘ਪੰਜਾਬੀ ਦਿਵਸ ਤੇ ਪੰਜਾਬੀ ਭਾਸ਼ਾ ਮਾਹ ਨੂੰ ਸਮਰਪਿਤ’ ਸੈਮੀਨਾਰ ਕਰਵਾਇਆ ਗਿਆ। ਪ੍ਰੀਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਨੇ ਪੰਜਾਬ ਦੀ ਤ੍ਰਾਸਦੀ ਤੇ ਵੰਡ ਬਾਰੇ ਲਿਖੇ ਆਪਣੇ ਦੋਹੇ ਪੇਸ਼ ਕੀਤੇ । ਉਪ ਚੇਅਰਮੈਨ ਡਾ. ਯੋਗਰਾਜ ਨੇ ਆਪਣੇ ਸਵਾਗਤੀ ਸ਼ਬਦਾਂ ਰਾਹੀਂ ਸੈਮੀਨਾਰ ਦੇ ਦੋ ਬੁਲਾਰਿਆਂ ਡਾ. ਤੇਜਵੰਤ ਗਿੱਲ ਤੇ ਅਮਰਜੀਤ ਗਰੇਵਾਲ ਦੀ ਸਾਹਿਤਕ ਦੇਣ ਬਾਰੇ ਜਾਣੂ ਕਰਵਾਇਆ। ਅਮਰਜੀਤ ਗਰੇਵਾਲ ਨੇ ਕਿਹਾ ਕਿ ‘ਅਜੋਕੇ ਪੰਜਾਬੀ ਸਭਿਆਚਾਰ ਦੇ ਅੰਦੇਸ਼ੇ ਤੇ ਆਸਾਂ’ ਸਾਨੂੰ ਸੋਚਣ ਲਾਉਂਦੇ ਹਨ। ਡਾ. ਤੇਜਵੰਤ ਗਿੱਲ ਨੇ ਕਿਹਾ ਕਿ ਫਰੀਦ ਵੇਲੇ ਦਾ ਪੰਜਾਬ ਹੋਰ ਸੀ ਤੇ ਗੁਰੂ ਨਾਨਕ ਦੇਵ ਦਾ ਕਾਲ ਹੋਰ ਸੀ ਪਰ ਇਨ੍ਹਾਂ ਵਿਚ ਵਖਰੇਵਾਂ ਨਜਰੀਂ ਨਹੀ ਆਇਆ। ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਦਿਵਸ ਸਾਡਾ ਸਭਨਾਂ ਦਾ ਸਰਵ ਸਾਂਝਾ ਦਿਵਸ ਹੈ ਤੇ ਇਸ ਦਿਨ ਉਤੇ ਸਭਨਾਂ ਨੂੰ ਪੰਜਾਬੀ ਭਾਸ਼ਾ ਤੇ ਪੰਜਾਬ, ਪੰਜਾਬੀ ਪੰਜਾਬੀਅਤ ਦੀ ਪ੍ਰਫੁੱਲਤਾ ਲਈ ਸੰਕਲਪ ਲੈਣਾ ਚਾਹੀਦਾ ਹੈ।
ਸਿਰੀ ਰਾਮ ਅਰਸ਼ ਦਾ ਗਜ਼ਲ ਸੰਗ੍ਰਹਿ ‘ਇਹਸਾਸ’ ਰਿਲੀਜ਼
ਐੱਸਏਐੱਸ ਨਗਰ(ਕਰਮਜੀਤ ਸਿੰਘ ਚਿੱਲਾ): ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮੁਹਾਲੀ ਦੇ ਫੇਜ਼ ਤਿੰਨ ਦੇ ਖਾਲਸਾ ਕਾਲਜ ਵਿੱਚ ਹੋਈ ਮਾਸਿਕ ਇਕੱਤਰਤਾ ਮੌਕੇ ਗਜ਼ਲਗੋ ਸਿਰੀ ਰਾਮ ਅਰਸ਼ ਦਾ ਗਜ਼ਲ ਸੰਗ੍ਰਹਿ ‘ਇਹਸਾਸ’ ਰਿਲੀਜ਼ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਮੁੱਖ ਮਹਿਮਾਨ ਗੁਰਵਿੰਦਰ ਸਿੰਘ ਜੌਹਲ ਐੱਸਡੀਐਮ ਅਮਲੋਹ, ਵਿਸ਼ੇਸ ਮਹਿਮਾਨ ਕੇਕੇ ਰੱਤੂ (ਸਾਬਕਾ ਡਾਇਰੈਕਟਰ ਦੂਰਦਰਸ਼ਨ ਚੰਡੀਗੜ੍ਹ), ਸਾਹਿਤਕਾਰ ਪ੍ਰੇਮ ਵਿੱਜ, ਸੇਵਾਮੁਕਤ ਜੱਜ ਜੇਐਸ ਖੁਸ਼ਦਿਲ, ਡਾ.ਅਵਤਾਰ ਸਿੰਘ ਪਤੰਗ, ਸਿਰੀ ਰਾਮ ਅਰਸ਼, ਸ੍ਰੀ ਸੇਵੀ ਰਾਇਤ ਅਤੇ ਸਤਬੀਰ ਕੌਰ ਨੇ ਪਸੁਤਕ ਦੀ ਘੁੰਡ ਚੁਕਾਈ ਕੀਤੀ। ਸਤਬੀਰ ਕੌਰ ਨੇ ਮੰਚ ਸੰਚਾਲਨ ਕੀਤਾ। ਦਵਿੰਦਰ ਕੌਰ ਢਿੱਲੋਂ ਨੇ ਪ੍ਰਕਾਸ਼ਿਤ ਹੋਏ ਗਜ਼ਲ ਸੰਗ੍ਰਹਿ ਵਿੱਚੋਂ ਇੱਕ ਗਜ਼ਲ ਤਰੰਨਮ ਪੇਸ਼ ਕੀਤੀ।
ਪੰਜਾਬੀ ਮਾਂ ਬੋਲੀ ਨੂੰ ਭੁੱਲਦੀ ਜਾ ਰਹੀ ਹੈ ਨਵੀਂ ਪੀੜ੍ਹੀ: ਬਲਤੇਜ ਪੰਨੂ
ਐੱਸਏਐੱਸ ਨਗਰ (ਦਰਸ਼ਨ ਸਿੰਘ ਸੋਢੀ): ਨੰਨ੍ਹੇ ਮਣਕੇ ਪਲੇਅ ਵੇਅ ਐਂਡ ਫਾਊਡੇਂਸ਼ਨ ਸਕੂਲ ਅਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਵਿੱਚ ਡਾਇਰੈਕਟਰ ਤੇ ਸਾਬਕਾ ਕੌਂਸਲਰ ਮੋਹਨਬੀਰ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਪੰਜਾਬ ਦਿਵਸ ਦੀ 56ਵੀਂ ਵਰ੍ਹੇਗੰਢ ਮੌਕੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਪ੍ਰਧਾਨਗੀ ਪੰਜਾਬੀ ਸਾਹਿਤ ਸਭਾ ਮੁਹਾਲੀ ਦੇ ਜਨਰਲ ਸਕੱਤਰ ਡਾ. ਸਵੈਰਾਜ ਸੰਧੂ ਨੇ ਕੀਤੀ। ਇਸ ਮੌਕੇ ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਾਡੀ ਨਵੀਂ ਪੀੜ੍ਹੀ ਆਪਣੀ ਮਾਂ ਬੋਲੀ ਨੂੰ ਭੁੱਲਦੀ ਜਾ ਰਹੀ ਹੈ । ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਅਤੇ ਘਰ-ਘਰ ਜਾਗਰੂਕਤਾ ਦਾ ਹੋਕਾ ਦੇਣ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ।