ਆਤਿਸ਼ ਗੁਪਤਾ
ਚੰਡੀਗੜ੍ਹ, 25 ਅਕਤੂਬਰ
ਯੂਟੀ ਪ੍ਰਸ਼ਾਸਨ ਵੱਲੋਂ ਸਾਲ 2030 ਤੱਕ ਸਿਟੀ ਬਿਊਟੀਫੁੱਲ ਦੀ ਨੁਹਾਰ ਸੁਧਾਰਨ ਦੇ ਮੰਤਵ ਨਾਲ ਚੰਡੀਗੜ੍ਹ ’ਚ ਦੋ ਦਿਨਾ ਸੈਮੀਨਾਰ ਕਰਵਾਇਆ ਗਿਆ ਜਿਸ ’ਚ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਪਹੁੰਚੇ। ਉਨ੍ਹਾਂ ਕਿਹਾ ਕਿ ਭਵਿੱਖ ’ਚ ਚੰਡੀਗੜ੍ਹ ਦੇ ਵਿਕਾਸ ਨੂੰ ਵਧਾਉਣ ਲਈ ਯੂਟੀ ਪ੍ਰਸ਼ਾਸਨ ਵੱਲੋਂ ਹੁਣੇ ਤੋਂ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਚੰਡੀਗੜ੍ਹ ਨੂੰ ਸਿੱਖਿਆ, ਸਿਹਤ ਅਤੇ ਆਈਟੀ ਖੇਤਰ ’ਚ ਹੋਰ ਅੱਗੇ ਲਿਆਉਣ ਲਈ ਕੰਮ ਕੀਤੇ ਜਾਣਗੇ ਜਿਸ ਨਾਲ ਚੰਡੀਗੜ੍ਹ ਦਾ ਨਾਮ ਕਲੀਨ ਸਿਟੀ, ਗ੍ਰੀਨ ਸਿਟੀ ਅਤੇ ਸਮਾਰਟ ਸਿਟੀ ਦੀ ਸੂਚੀ ਵਿੱਚ ਸ਼ਾਮਲ ਹੋ ਸਕੇ। ਯੂਨਾਈਟਿਡ ਨੈਸ਼ਨਸ ਡਿਵੈਲਪਮੇਂਟ ਪ੍ਰੋਗਰਾਮ ਦੇ ਉੱਤਰ ਖੇਤਰ ਦੇ ਇੰਚਾਰਜ ਵਿਕਾਸ ਵਰਮਾ ਨੇ ਸ਼ਹਿਰ ਦੇ ਵਿਕਾਸ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਦੱਸਿਆ ਕਿ ਚੰਡੀਗੜ੍ਹ ’ਚ ਪੈਂਦੇ 23 ਪਿੰਡਾਂ ਦਾ ਸਰਵਪੱਖੀ ਵਿਕਾਸ ਕਰਨ ਲਈ ਕੰਮ ਸ਼ੁਰੂ ਕਰ ਦਿੱਤੀ ਹੈ ਜਿਸ ਲਈ 100 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਯੂਟੀ ਨੂੰ ਸਿੱਖਿਆ, ਸਿਹਤ ਅਤੇ ਆਈਟੀ ਖੇਤਰ ’ਚ ਕੰਮ ਕਰਨ ਦੀ ਲੋੜ ਹੈ। ਇਨ੍ਹਾਂ ਕੰਮਾਂ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਜਿਸ ਨੂੰ ਸਾਲ 2030 ਤੱਕ ਸਿਰੇ ਚੜ੍ਹਾ ਦਿੱਤਾ ਜਾਵੇਗਾ। ਮਾਹਿਰਾਂ ਨੇ ਵਾਤਾਵਰਣ, ਰੁਜ਼ਗਾਰ, ਟਰਾਂਸਪੋਰਟ ਅਤੇ ਸਮਾਜਿਕ ਸੁਰੱਖਿਆ ਬਾਰੇ ਵਿਚਾਰ ਰੱਖੇ।