ਪੀ.ਪੀ. ਵਰਮਾ
ਪੰਚਕੂਲਾ, 26 ਅਗਸਤ
ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਵੱਲੋਂ ਅੱਜ ਇੱਥੇ ਸੈਕਟਰ-14 ਦੇ ਅਕਾਦਮੀ ਭਵਨ ਵਿੱਚ ‘ਸਾਰਾਗੜ੍ਹੀ ਜੰਗ’ ਦੀ 125ਵੀਂ ਵਰ੍ਹੇਗੰਢ ਨੂੰ ਸਮਰਪਿਤ ਸਾਹਿਤਕ ਸੈਮੀਨਾਰ ਕਰਵਾਇਆ ਗਿਆ। ਸਮਾਗਮ ਵਿੱਚ ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਇਤਿਹਾਸਕਾਰ ਡਾ. ਗੁਰਿੰਦਰਪਾਲ ਸਿੰਘ ਜੋਸ਼ਨ ਨੇ ਵਿਸ਼ੇਸ਼ ਮਹਿਮਾਨ ਅਤੇ ਸਾਰਾਗੜ੍ਹੀ ਫਾਊਂਡੇਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ (ਸੇਵਾਮੁਕਤ) ਜਤਿੰਦਰ ਸਿੰਘ ਅਰੋੜਾ ਨੇ ਖਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਅਕਾਦਮੀ ਦੇ ਡਿਪਟੀ ਚੇਅਰਮੈਨ ਗੁਰਵਿੰਦਰ ਸਿੰਘ ਧਮੀਜਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਾਰਾਗੜ੍ਹੀ ਵਿੱਚ ਸ਼ਹੀਦ ਹੋਏ ਸਿੱਖ ਸ਼ਹੀਦਾਂ ਦੀ ਮਹਾਨ ਕੁਰਬਾਨੀ ਨੂੰ ਸਮਰਪਿਤ ਹੈ। ਸੈਮੀਨਾਰ ਵਿੱਚ ਰਾਜ ਮਹਿਤਾ, ਇਤਿਹਾਸਕਾਰ ਸਿਮਰ ਸਿੰਘ, ਤਰਲੋਚਨ ਸਿੰਘ, ਬਲਦੇਵ ਸਿੰਘ ਚਾਹਲ ਵੱਲੋਂ ਵਿਚਾਰ ਪੇਸ਼ ਕੀਤੇ ਗਏ। ਅਵੀ ਸੰਧੂ ਨੇ ਮੰਚ ਸੰਚਾਲਨ ਕੀਤਾ। ਇਤਿਹਾਸਕਾਰ ਡਾ. ਗੁਰਿੰਦਰਪਾਲ ਸਿੰਘ ਜੋਸ਼ਨ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 36 ਸਿੱਖ ਰੈਜੀਮੈਂਟ ਦੇ 21 ਜਵਾਨਾਂ ਨੇ ਸਾਰਾਗੜ੍ਹੀ ਦੇ ਮਹੱਤਵਪੂਰਨ ਕਿਲ੍ਹੇ ਨੂੰ ਬਚਾਉਣ ਲਈ ਦਸ ਹਜ਼ਾਰ ਪਠਾਣਾਂ ਨਾਲ ਆਖ਼ਰੀ ਦਮ ਤੱਕ ਟੱਕਰ ਲਈ। ਇਹ ਲੜਾਈ ਲਗਪਗ ਛੇ ਘੰਟੇ ਤੱਕ ਜਾਰੀ ਰਹੀ ਅਤੇ ਜਵਾਨ ਇੱਕ-ਇੱਕ ਕਰਕੇ ਸ਼ਹੀਦ ਹੁੰਦੇ ਗਏ ਪਰ ਉਨ੍ਹਾਂ ਨੇ ਪਠਾਣਾਂ ਨੂੰ ਮੋਰਚੇ ’ਤੇ ਕਾਬਜ਼ ਨਹੀਂ ਹੋਣ ਦਿੱਤਾ। ਅਖ਼ੀਰ ਵਿੱਚ ਇਨ੍ਹਾਂ ਦਾ ਆਗੂ ਹੌਲਦਾਰ ਈਸ਼ਰ ਸਿੰਘ ਰਹਿ ਗਿਆ, ਉਹ ਵੀ ਕਿਲ੍ਹੇ ਦੇ ਦਰਵਾਜ਼ੇ ਸਾਹਮਣੇ ਦੁਸ਼ਮਣਾਂ ਦਾ ਰਾਹ ਰੋਕਦਿਆਂ ਸ਼ਹੀਦ ਹੋ ਗਿਆ। ਅਜਿਹੀ ਮਹਾਨ ਕੁਰਬਾਨੀ ਦੀ ਮਿਸਾਲ ਇਤਿਹਾਸ ਵਿੱਚ ਹੋਰ ਕਿਧਰੇ ਨਹੀਂ ਮਿਲਦੀ। ਸੈਮੀਨਾਰ ਵਿੱਚ ਦੋ ਪੁਸਤਕਾਂ ਭਾਰਤ ਭੂਸ਼ਨ ਦੀ ‘ਦਸਵੰਧ’ ਅਤੇ ਪ੍ਰਿੰ. ਬ੍ਰਿਜ ਭੂਸ਼ਨ ਸ਼ਰਮਾ ਦੀਆਂ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ। ਇਸ ਸਮਾਜਕ ਸੁਧਾਰਕ ਰਮਨੀਤ ਕੌਰ ਬਾਵਾ ਵੀ ਮੌਜੂਦ ਸਨ। ਅਖ਼ੀਰ ਵਿੱਚ ਅਕਾਦਮੀ ਦੇ ਡਿਪਟੀ ਚੇਅਰਮੈਨ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਨੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ।