ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 19 ਜੂਨ
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਦੇ ਦੋ ਕੈਡਿਟਸ ਦੀ ਫਲਾਇੰਗ ਅਫ਼ਸਰ ਵਜੋਂ ਚੋਣ ਕੀਤੀ ਗਈ ਹੈ। ਏਅਰ ਸਟਾਫ਼ ਦੇ ਮੁੱਖ ਏਅਰ ਚੀਫ਼ ਮਾਰਸ਼ਲ ਆਰਕੇਐੱਸ ਭਦੌਰੀਆ ਨੇ ਉਨ੍ਹਾਂ ਨੂੰ ਫਲਾਇੰਗ ਵਿੰਗ ਦੇ ਕੇ ਸਨਮਾਨਿਤ ਕੀਤਾ। ਕੈਡਿਟ ਸਹਿਜ ਸ਼ਰਮਾ ਨੂੰ ਹੈਲੀਕਾਪਟਰ ਸਟ੍ਰੀਮ ਵਿੱਚ ਲਗਾਇਆ ਗਿਆ ਹੈ। ਉਸ ਨੇ 2014 ਵਿੱਚ ਏਐੱਫ਼ਪੀਆਈ ਵਿੱਚ ਦਾਖ਼ਲਾ ਲਿਆ ਸੀ ਤੇ ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਕੌਮੀ ਸੁਰੱਖਿਆ ਅਕੈਡਮੀ (ਐਨਡੀਏ) ਵਿੱਚ ਏਅਰ ਫੋਰਸ ਦੇ ਕੈਡਿਟ ਵਜੋਂ ਭਰਤੀ ਹੋਇਆ।
ਉਸ ਦੇ ਪਿਤਾ ਧਰਵਿੰਦਰ ਸ਼ਰਮਾ ਵਾਸੀ ਅੰਮ੍ਰਿਤਸਰ ਇੰਡੀਅਨ ਰੈਡ ਕਰਾਸ ਸੁਸਾਇਟੀ ਵਿੱਚ ਸੀਨੀਅਰ ਸਹਾਇਕ ਹਨ ਜਦੋਂਕਿ ਮਾਤਾ ਗੀਤਾ ਸ਼ਰਮਾ ਇੱਕ ਘਰੇਲੂ ਔਰਤ ਹੈ। ਕੈਡਿਟ ਪ੍ਰੀਤਇੰਦਰ ਪਾਲ ਸਿੰਘ ਬਾਠ 2015 ਵਿੱਚ ਏਐੱਫਪੀਆਈ ਵਿੱਚ ਦਾਖ਼ਲ ਹੋਇਆ ਸੀ ਤੇ ਸਾਲ 2017 ਵਿੱਚ ਐੱਨਡੀਏ ਚਲਾ ਗਿਆ ਸੀ। ਉਸ ਦੇ ਪਿਤਾ ਰਾਜਿੰਦਰ ਸਿੰਘ ਬਾਠ ਲੈਕਚਰਾਰ ਅਤੇ ਮਾਤਾ ਅਮਨਪ੍ਰੀਤ ਕੌਰ ਅਧਿਆਪਕ ਹਨ। ਉਹ ਪਠਾਨਕੋਟ ਨਾਲ ਸਬੰਧਤ ਹਨ। ਪ੍ਰੀਤਇੰਦਰ ਪਾਲ ਨੇ ਆਈਏਐੱਫ਼ ਦੀ ਫਾਈਟਰ ਸਟ੍ਰੀਮ ਵਿੱਚ ਭਰਤੀ ਹੋ ਕੇ ਆਪਣਾ ਸੁਪਨਾ ਸਾਕਾਰ ਕੀਤਾ।