ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਅਗਸਤ
ਸੈਕਟਰ-23 ਵਿੱਚ ਸਥਿਤ ਸੰਪਰਕ ਸੇਂਟਰ ਵਿੱਚ ਬਿੱਲ ਭਰਨ ਗਏ ਸੁਰੱਖਿਆ ਕਰਮੀ ਦੀ ਬੰਦੂਕ ਚੋਰੀ ਹੋ ਗਈ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-17 ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਕੇਸ ਨੰਦ ਲਾਲ ਵਾਸੀ ਡੱਡੂਮਾਜਰਾ ਕਾਲੋਨੀ ਦਾ ਕਹਿਣਾ ਸੀ ਕਿ ਉਹ ਸ਼ਿਵਾ ਇੰਡਸਟਰੀਅਲ ਸੁਰੱਖਿਆ ਏਜੰਸੀ ਵੱਲੋਂ ਸੈਕਟਰ-17 ’ਚ ਬੈਂਕ ਆਫ਼ ਬੜੋਦਾ ਦੀ ਕੈਸ਼ ਵੈਨ ’ਤੇ ਤਾਇਨਾਤ ਹੈ। ਉਸ ਨੇ ਦੱਸਿਆ ਕਿ ਉਹ ਐਕਟਿਵਾ ’ਤੇ 12 ਬੋਰ ਦੀ ਬੰਦੂਕ ਲੈ ਕੇ ਜਾ ਰਿਹਾ ਸੀ। ਉਹ ਰਾਹ ਵਿੱਚ ਸੈਕਟਰ-23 ਦੇ ਸੰਪਰਕ ਸੈਂਟਰ ਵਿੱਚ ਬਿਜਲੀ ਦਾ ਬਿੱਲ ਭਰਵਾਉਣ ਲਈ ਚਲਾ ਗਿਆ। ਇਸ ਦੌਰਾਨ ਉਹ ਆਪਣੀ ਬੰਦੂਕ ਐਕਟਿਵਾ ’ਤੇ ਟੰਗੀ ਭੁੱਲ ਗਿਆ। ਬਿੱਲ ਭਰ ਕੇ ਵਾਪਸ ਆਉਣ ’ਤੇ ਦੇਖਿਆ ਦਾ ਬੰਦੂਕ ਗਾਇਬ ਸੀ, ਜਿਸ ਨੂੰ ਕੋਈ ਚੋਰੀ ਕਰਕੇ ਫ਼ਰਾਰ ਹੋ ਗਿਆ ਹੈ।