ਮੁਕੇਸ਼ ਕੁਮਾਰ
ਚੰਡੀਗੜ੍ਹ, 4 ਦਸੰਬਰ
ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਅੱਜ ਇਥੋਂ ਦੇ ਸੈਕਟਰ-39 ਸਥਿਤ ਮੁੱਖ ਜਲਘਰ ਵਿੱਚ ਪਾਣੀ ਦੀ ਸਟੋਰੇਜ ਸਮਰੱਥਾ ਵਧਾਉਣ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਪੰਜਾਬ ਭਵਨ ਤੋਂ ਵੀਡੀਓ ਕਾਨਫਰੰਸ ਰਾਹੀਂ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ। ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਕੁਮਾਰ ਪਰੀਦਾ ਵੀ ਮੌਜੂਦ ਸਨ। ਇਸੇ ਦੌਰਾਨ ਮੇਅਰ ਰਾਜ ਬਾਲਾ ਮਲਿਕ, ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਸੈਕਟਰ-39 ਵਾਟਰ ਵਰਕਸ ’ਤੇ ਹਾਜ਼ਰ ਸਨ।
ਪ੍ਰਸ਼ਾਸਕ ਬਦਨੌਰ ਨੇ ਵੀਡੀਓ ਕਾਨਫਰੰਸ ਰਾਹੀਂ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਪਾਣੀ ਦੀ ਬਿਹਤਰ ਸਪਲਾਈ ਲਈ ਬੁਨਿਆਦੀ ਢਾਂਚੇ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਪਾਣੀ ਦੇ ਸਦਉਪਯੋਗ ਦੀ ਅਪੀਲ ਕੀਤੀ। ਇਸੇ ਦੌਰਾਨ ਸਲਾਹਕਾਰ ਮਨੋਜ ਕੁਮਾਰ ਪਰੀਦਾ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਸੈਕਟਰ-39 ਦੇ ਵਾਟਰ ਵਰਕਸ ਵਿਚ ਜਲ ਭੰਡਾਰ ਕਰਨ ਦੀ ਕੁੱਲ ਸਮਰੱਥਾ 109 ਐਮਜੀਡੀ ਹੋ ਜਾਵੇਗੀ।
ਸਟੋਰੇਜ ਟੈਂਕਾਂ ਦੀ ਵਧਾਈ ਜਾਵੇਗੀ ਉਚਾਈ
ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਮੌਜੂਦਾ ਸਮੇਂ ਵਾਟਰ ਵਰਕਸ ਵਿੱਚ ਬਿਨਾਂ ਸੋਧੇ ਹੋਏ ਨਹਿਰੀ ਪਾਣੀ ਨੂੰ ਭੰਡਾਰ ਕਰਨ ਦੀ ਸਮਰੱਥਾ 48 ਐਮਜੀਡੀ ਹੈ ਅਤੇ ਸਾਫ ਪਾਣੀ ਭੰਡਾਰ ਕਰਨ ਦੀ ਸਮਰੱਥਾ 15 ਐਮਜੀਡੀ ਹੈ। ਕਾਜੌਲੀ ਵਾਟਰ ਵਰਕਸ ਵਿੱਚ ਮੁਰੰਮਤ ਵੇਲੇ ਇਥੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹਿੰਦੀ ਹੈ ਅਤੇ ਸਾਫ ਪਾਣੀ ਦੀ ਸਟੋਰੇਜ ਸਮਰੱਥਾ ਘੱਟ ਹੋਣ ਕਾਰਨ ਪਾਣੀ ਦੀ ਕਿੱਲਤ ਪੈਦਾ ਹੋ ਜਾਂਦੀ ਸੀ। ਹੁਣ ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਜਲ ਕਿੱਲਤ ਨਾ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਸਟੋਰੇਜ ਟੈਂਕਾਂ ਦੀ ਉਚਾਈ ਵੀ ਵਧਾਈ ਜਾਵੇਗੀ ਅਤੇ ਅਣਸੋਧੇ ਪਾਣੀ ਵਾਲੀਆਂ ਟੈਂਕੀਆਂ ਦੀ ਮੌਜੂਦਾ ਸਮਰੱਥਾ ਨੂੰ 48 ਐਮਜੀਡੀ ਤੋਂ ਵਧਾ ਕੇ 92 ਐਮਜੀਡੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ’ਤੇ ਕੁੱਲ ਲਾਗਤ 39 ਕਰੋੜ ਰੁਪਏ ਆਵੇਗੀ। ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਾਜੈਕਟ ਲਈ 28 ਕਰੋੜ ਰੁਪਏ ਦਾ ਫੰਡ ਦਿੱਤਾ ਹੈ ਅਤੇ ਬਾਕੀ 11 ਕਰੋੜ ਰੁਪਏ ਚੰਡੀਗੜ੍ਹ ਸਮਾਰਟ ਸਿਟੀ ਤਹਿਤ ਮਿਲ ਰਹੇ ਹਨ। ਇਹ ਪ੍ਰਾਜੈਕਟ ਦੋ ਸਾਲਾਂ ਵਿਚ ਮੁਕੰਮਲ ਕੀਤਾ ਜਾਵੇਗਾ।