ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 16 ਫਰਵਰੀ
ਇਥੋਂ ਦੇ ਸੈਕਟਰ-38 ਦੇ ਸਕੂਲ ਵਿੱਚ ਪ੍ਰੀਖਿਆ ਦੇਣ ਆਏ ਵਿਦਿਆਰਥੀ ਨੂੰ ਕਰੋਨਾ ਹੋਣ ਕਾਰਨ ਅਗਲੀਆਂ ਆਫਲਾਈਨ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਸਕੂਲ ਦੇ ਚੌਥੀ ਤੋਂ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਹੁਣ ਆਨਲਾਈਨ ਹੋਵੇਗੀ। ਦੂਜੇ ਪਾਸੇ ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਸਾਰੇ ਸਕੂਲਾਂ ਵਿਚ 9ਵੀਂ ਤੇ 11ਵੀਂ ਦੀ ਪ੍ਰੀਖਿਆ ਸਿਰਫ ਆਨਲਾਈਨ ਹੀ ਲਈ ਜਾਵੇ। ਇਹ ਵੀ ਪਤਾ ਲੱਗਾ ਹੈ ਕਿ ਅੱਜ ਮਾਪਿਆਂ ਦਾ ਵਫਦ ਸਕੱਤਰੇਤ ਗਿਆ ਪਰ ਉਥੇ ਡਾਇਰੈਕਟਰ ਮੌਜੂਦ ਨਾ ਹੋਣ ਕਾਰਨ ਉਹ ਆਨਲਾਈਨ ਪ੍ਰੀਖਿਆਵਾਂ ਕਰਵਾਉਣ ਵਾਲੀ ਦਰਖਾਸਤ ਪੀਏ ਨੂੰ ਦੇ ਆਏ ਹਨ।
ਵੇਰਵਿਆਂ ਅਨੁਸਾਰ ਸੈਕਟਰ-38 ਸਕੂਲ ਦੇ ਪ੍ਰਿੰਸੀਪਲ ਨੇ ਅੱਜ ਸਰਕੁਲਰ ਜਾਰੀ ਕਰ ਕੇ ਜਾਣਕਾਰੀ ਦਿੱਤੀ ਕਿ ਸਕੂਲ ਵਲੋਂ ਆਫਲਾਈਨ ਪ੍ਰੀਖਿਆਵਾਂ ਕਰਵਾਉਣ ਵਾਲਾ ਸਰਕੁਲਰ ਰੱਦ ਸਮਝਿਆ ਜਾਵੇ ਤੇ ਉਪਰੋਕਤ ਜਮਾਤਾਂ ਦੀਆਂ ਸਿਰਫ ਆਨਲਾਈਨ ਪ੍ਰੀਖਿਆਵਾਂ ਹੋਣਗੀਆਂ ਜਿਨ੍ਹਾਂ ਦੀਆਂ ਤਾਰੀਖਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੇਕਰਡ ਹਾਰਟ, ਗੁਰੂਕੁਲ ਗਲੋਬਲ, ਭਵਨ ਵਿਦਿਆਲਿਆ ਤੇ ਹੋਰ ਸਕੂਲਾਂ ਵੱਲੋਂ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੀ ਪ੍ਰੀਖਿਆ ਸਕੂਲਾਂ ਵਿਚ ਹੀ ਲਈ ਜਾ ਰਹੀ ਹੈ ਤੇ ਇਸ ਬਾਰੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਕੋਈ ਸਹਿਮਤੀ ਨਹੀਂ ਮੰਗੀ ਗਈ ਤੇ ਨਾ ਹੀ ਉਨ੍ਹਾਂ ਨੂੰ ਆਨਲਾਈਨ ਪ੍ਰੀਖਿਆ ਕਰਵਾਉਣ ਦੀ ਆਪਸ਼ਨ ਦਿੱਤੀ ਗਈ।
ਸੈਕਟਰ-38 ਦੇ ਸਕੂਲ ਵਿਚ ਕਰੋਨਾ ਵਿਦਿਆਰਥੀ ਆਉਣ ਕਾਰਨ ਮਾਪਿਆਂ ਵਿਚ ਸਹਿਮ ਫੈਲ ਗਿਆ ਹੈ ਤੇ ਹੋਰ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਾਪੇ ਵੀ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਹਾਲੇ ਕਰੋਨਾ ਦਾ ਖਤਰਾ ਟਲਿਆ ਨਹੀਂ ਹੈ ਤੇ ਕਰੋਨਾ ਦੇ ਨਵੇਂ ਸਟਰੇਨ ਦੇ ਕੇਸਾਂ ਕਾਰਨ ਮਾਪਿਆਂ ਵਿਚ ਦਹਿਸ਼ਤ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਇਨ੍ਹ੍ਵਾਂ ਬੱਚਿਆਂ ਦੀਆਂ ਆਨਲਾਈਨ ਜਮਾਤਾਂ ਹੀ ਲੱਗ ਰਹੀਆਂ ਹਨ ਜਿਸ ਕਰ ਕੇ ਇਹ ਪ੍ਰੀਖਿਆਵਾਂ ਵੀ ਆਨਲਾਈਨ ਹੀ ਕਰਵਾਈਆਂ ਜਾਣ।
ਸਾਰੀਆਂ ਪ੍ਰੀਖਿਆਵਾਂ ਆਨਲਾਈਨ ਹੋਣ: ਸੀਪੀਏ
ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ (ਸੀਪੀਏ) ਦੇ ਪ੍ਰਧਾਨ ਨਿਤਿਨ ਗੋਇਲ ਨੇ ਕਿਹਾ ਕਿ ਪੰਜਾਬ ਦੇ ਕਈ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਰੋਨਾ ਹੋ ਗਿਆ ਹੈ ਤੇ ਚੰਡੀਗੜ੍ਹ ਦੇ ਇਕ ਸਕੂਲ ਵਿਚ ਕਰੋਨਾ ਦਾ ਕੇਸ ਆ ਗਿਆ ਹੈ ਜਿਸ ਕਰ ਕੇ ਸਿਹਤ ਵਿਭਾਗ ਨੂੰ ਕਾਰਵਾਈ ਕਰ ਕੇ ਆਫਲਾਈਨ ਪ੍ਰੀਖਿਆਵਾਂ ਰੁਕਵਾਉਣੀਆਂ ਚਾਹੀਦੀਆਂ ਹਨ। ਦੂਜੇ ਪਾਸੇ ਡਾਇਰੈਕਟਰ (ਸਕੂਲ ਐਜੂਕੇਸ਼ਨ) ਰੁਬਿੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਉਹ 22 ਫਰਵਰੀ ਤਕ ਛੁੱਟੀ ’ਤੇ ਹਨ ਅਤੇ ਡੀਈਓ ਨੇ ਫੋਨ ’ਤੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਇੰਡੀਆ ਟੁਆਏ ਫੇਅਰ ਲਈ ਅਰਜ਼ੀਆਂ ਮੰਗੀਆਂ
ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ 27 ਫਰਵਰੀ ਨੂੰ ਇੰਡੀਆ ਟੁਆਏ ਫੇਅਰ ਕਰਵਾਇਆ ਜਾਵੇਗਾ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਕਤ ਕਰਨਗੇ। ਇਸ ਸਬੰਧੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਖੋਜੀ ਖਿਡੌਣੇ ਤੇ ਗੇਮਜ਼ ਕੰਸੈਪਟ ਸਬੰਧੀ ਸੀਬੀਐੱਸਈ ਨੂੰ ਦਰਖਾਸਤ ਦੇਣ ਲਈ ਕਿਹਾ ਗਿਆ ਹੈ।