ਮੁਕੇਸ਼ ਕੁਮਾਰ
ਚੰਡੀਗੜ੍ਹ, 11 ਜੂਨ
ਇਥੋਂ ਦੇ ਸੈਕਟਰ-37 ਦੀ ਕੋਠੀ ’ਤੇ ਨਾਜਾਇਜ਼ ਕਬਜ਼ਾ ਕਰਕੇ ਵੇਚਣ ਦੇ ਮਾਮਲੇ ਵਿੱਚ ਫਰਾਰ ਚੱਲ ਰਹੇ ਮੁਲਜ਼ਮ ਅਰਵਿੰਦ ਸਿੰਗਲਾ ਨੇ ਅੱਜ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਪੁਲੀਸ ਨੇ ਉਸ ਦੀ ਸੂਹ ਦੇਣ ’ਤੇ ਪੰਜਾਹ ਹਜ਼ਾਰ ਰੁਪਏ ਇਨਾਮ ਐਲਾਨਿਆ ਹੋਇਆ ਸੀ। ਅਦਾਲਤ ਨੇ ਸਿੰਗਲਾ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਅਰਵਿੰਦ ਸਿੰਗਲਾ ਦੁਪਹਿਰ ਵੇਲੇ ਆਪਣੇ ਵਕੀਲ ਨਾਲ ਅਦਾਲਤ ਵਿੱਚ ਪੇਸ਼ ਹੋਇਆ। ਅਦਾਲਤ ਵਿੱਚ ਆਤਮ ਸਮਰਪਣ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਅਤੇ ਹੋਰ ਲੋੜੀਂਦੀ ਕਾਰਵਾਈ ਨੂੰ ਪੂਰਾ ਕਰਨ ਲਈ ਪੁਲੀਸ ਨੂੰ ਸੂਚਨਾ ਦਿੱਤੀ ਗਈ। ਦੱਸਣਯੋਗ ਹੈ ਕਿ ਕੋਠੀ ਕਾਂਡ ਨੂੰ ਲੈ ਕੇ ਇੱਕ ਹੋਰ ਮੁਲਜ਼ਮ ਗੁਰਪ੍ਰੀਤ ਸਿੰਘ ਨੇ ਵੀ 10 ਜੂਨ ਨੂੰ ਅਦਾਲਤ ਵਿੱਚ ਹੀ ਆਤਮ ਸਮਰਪਣ ਕੀਤਾ ਸੀ। ਉਹ ਕੋਠੀ ਦੀ ਰਜਿਸਟਰੀ ਕਰਵਾਉਣ ਵੇਲੇ ਨਕਲੀ ਕੋਠੀ ਮਾਲਕ ਬਣ ਕੇ ਪੇਸ਼ ਹੋਇਆ ਸੀ।
ਪੁਲੀਸ ਵਲੋਂ ਦਰਜ ਐਫਆਈਆਰ ਅਨੁਸਾਰ ਅਰਵਿੰਦ ਸਿੰਗਲਾ ’ਤੇ ਕੋਠੀ ਨੰਬਰ-340 ਨੂੰ ਦੀ ਫਰਜ਼ੀ ਢੰਗ ਨਾਲ ਆਪਣੇ ਨਾਂ ਕਰਵਾਉਣ ਦਾ ਦੋਸ਼ ਹੈ। ਪੁਲੀਸ ਵਲੋਂ ਕੋਠੀ ਕਾਂਡ ਨੂੰ ਲੈ ਕੇ ਮੁਲਜ਼ਮ ਅਰਵਿੰਦ ਸਿੰਗਲਾ ਨੂੰ ਅਹਿਮ ਦੋਸ਼ੀ ਮੰਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਰਵਿੰਦ ਸਿੰਗਲਾ ਸ਼ਰਾਬ ਕਾਰੋਬਾਰੀ ਹੈ ਅਤੇ ਉਸ ਦਾ ਕਾਰੋਬਾਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਫੈਲਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸਿੰਗਲਾ ਦੇ ਇਨ੍ਹਾਂ ਸੂਬਿਆਂ ਵਿੱਚ 100 ਤੋਂ ਵੱਧ ਸ਼ਰਾਬ ਦੇ ਠੇਕੇ ਹਨ।
ਇਸ ਕੋਠੀ ’ਤੇ ਕਬਜ਼ਾ ਕਰਨ ਦੇ ਮਾਮਲੇ ਵਿਚ ਪੁਲੀਸ ਨੇ ਮਨੀਸ਼ ਗੁਪਤਾ, ਹਿੰਦੀ ਅਖਬਾਰ ਦੇ ਪੱਤਰਕਾਰ ਸੰਜੀਵ ਮਹਾਜਨ, ਚੰਡੀਗੜ੍ਹ ਪੁਲੀਸ ਦੇ ਡੀਐਸਪੀ ਰਾਮ ਗੋਪਾਲ ਦੇ ਭਰਾ ਸਤਪਾਲ ਡਾਗਰ ਅਤੇ ਸੈਕਟਰ-39 ਥਾਣੇ ਦੇ ਸਾਬਕਾ ਐਸਐਚਓ ਰਾਜਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਇਸ ਕੋਠੀ ਕਾਂਡ ਵਿੱਚ ਲੋੜੀਂਦੇ ਮੁਲਜ਼ਮ ਸ਼ੇਖਰ, ਦਲਜੀਤ ਸਿੰਘ, ਸੌਰਭ ਗੁਪਤਾ, ਖਲੇਂਦਰ ਸਿੰਘ ਕਾਦਿਆਨ ਅਤੇ ਅਸ਼ੋਕ ਅਰੋੜਾ ਫਰਾਰ ਚੱਲ ਰਹੇ ਹਨ। ਇਸ ਮਾਮਲੇ ਦੇ ਇੱਕ ਹੋਰ ਮੁਲਜ਼ਮ ਬਾਊਂਸਰ ਸੁਰਜੀਤ ਸਿੰਘ ਦੀ ਗੋਲੀ ਮਾਰ ਕਰ ਹੱਤਿਆ ਕਰ ਦਿੱਤੀ ਗਈ ਸੀ।
ਮੁਲਜ਼ਮ ਅਰਵਿੰਦ ਸਿੰਗਲਾ ’ਤੇ ਸੈਕਟਰ-26 ਥਾਣੇ ਵਿੱਚ ਵੀ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦਾ ਵੀ ਮਾਮਲਾ ਦਰਜ ਹੈ। ਉਸ ’ਤੇ ਦੋਸ਼ ਹਨ ਕਿ ਉਸ ਨੇ ਦੋ ਫਰਜ਼ੀ ਗਵਾਹ ਤਿਆਰ ਕਰਕੇ ਆਪਣੇ ਚਚੇਰੇ ਭਰਾ ਅਤੇ ਭਰਜਾਈ ਦੇ ਧੋਖੇ ਨਾਲ ਦਸਤਖਤ ਕਰਵਾ ਕੇ ਡੁੱਬੀ ਹੋਈ ਕੰਪਨੀ ਵਿੱਚ ਹੋਈ ਸਾਂਝੇਦਾਰੀ ਤੋਂ ਆਪਣੇ ਆਪ ਨੂੰ ਬਾਹਰ ਕੱਢ ਲਿਆ ਸੀ ਤਾਂ ਕਿ ਉਹ ਕੰਪਨੀ ਦੀ ਕਰੋੜਾਂ ਰੁਪਏ ਦੀ ਦੇਣਦਾਰੀ ਤੋਂ ਬਚ ਜਾਵੇ। ਸ਼ਵੇਤਾ ਸਿੰਗਲਾ ਨੇ ਦੱਸਿਆ ਕਿ ਉਸ ਦੇ ਪਤੀ ਦੀਪਕ ਸਿੰਗਲਾ ਨੇ ਸੈਕਟਰ-33 ਨਿਵਾਸੀ ਆਪਣੇ ਚਚੇਰੇ ਭਰਾ ਅਰਵਿੰਦ ਸਿੰਗਲਾ ਨਾਲ ਅਗਸਤ 2015 ਨੂੰ ਮੋਬਾਈਲ ਫੋਨ ਦੇ ਪੁਰਜ਼ਿਆਂ ਅਤੇ ਹੋਰ ਸਾਜ਼ੋ ਸਾਮਾਨ ਦੀ ਕੰਪਨੀ ਖੋਲ੍ਹੀ ਸੀ, ਜਿਸ ਵਿੱਚ 60 ਫ਼ੀਸਦੀ ਹਿੱਸੇਦਾਰੀ ਅਰਵਿੰਦ ਸਿੰਗਲਾ ਅਤੇ 40 ਫ਼ੀਸਦੀ ਹਿੱਸੇਦਾਰੀ ਉਸ ਦੇ ਪਤੀ ਦੀ ਸੀ।