ਮੁਕੇਸ਼ ਕੁਮਾਰ
ਚੰਡੀਗੜ੍ਹ, 23 ਮਈ
ਇਥੋਂ ਦੇ ਸੈਕਟਰ 37 ਦੀ ਇੱਕ ਕੋਠੀ ਦੇ ਮਾਲਕ ਨੂੰ ਅਗਵਾ ਕਰਨ ਅਤੇ ਕੋਠੀ ’ਤੇ ਕਬਜ਼ਾ ਕਰਨ ਦੇ ਮਾਮਲੇ ਵਿੱਚ ਹਵਾਲਾਤ ਵਿੱਚ ਬੰਦ ਮੁਲਜ਼ਮ ਸੰਜੀਵ ਮਹਾਜਨ ਤੋਂ ਸੱਚਾਈ ਦਾ ਪਤਾ ਲਗਾਉਣ ਲਈ ਪੁਲੀਸ ਵੱਲੋਂ ਨਾਰਕੋ ਟੈਸਟ ਕਰਵਾਉਣ ਲਈ ਸਥਾਨਕ ਅਦਾਲਤ ਵਿੱਚ ਅਰਜ਼ੀ ਲਗਾਈ ਗਈ ਹੈ। ਅਦਾਲਤ ਵਲੋਂ ਇਸ ਅਰਜ਼ੀ ਨੂੰ ਲੈ ਕੇ 25 ਮਈ ਨੂੰ ਜਵਾਬ ਮੰਗਿਆ ਗਿਆ ਹੈ।
ਦੂਜੇ ਪਾਸੇ ਲਗਪਗ ਇੱਕ ਸਾਲ ਪਹਿਲਾਂ ਹੋਏ ਬਾਊਂਸਰ ਕਤਲ ਕਾਂਡ ਵਿੱਚ ਮੁਲਜ਼ਮ ਸੰਜੀਵ ਮਹਾਜਨ ਦਾ ਦੋ ਦਿਨਾ ਪੁਲੀਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਮਲੋਆ ਪੁਲੀਸ ਵਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਸੰਜੀਵ ਮਹਾਜਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬਾਊਂਸਰ ਸੁਰਜੀਤ ਦੀ ਪਤਨੀ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸੁਰਜੀਤ ਦੇ ਕਤਲ ਵਿੱਚ ਸੰਜੀਵ ਮਹਾਜਨ ਦਾ ਹੱਥ ਹੋ ਸਕਦਾ ਹੈ। ਇਸ ਗੱਲ ਨੂੰ ਆਧਾਰ ਬਣਾ ਕੇ ਪੁਲੀਸ ਵਲੋਂ ਸੰਜੀਵ ਮਹਾਜਨ ਤੋਂ ਪੁੱਛਗਿੱਛ ਕਰਨ ਲਈ ਲੰਘੀ 21 ਮਈ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ ਗਿਆ ਸੀ। ਇਥੋਂ ਦੇ ਸੈਕਟਰ 37 ਦੀ ਇੱਕ ਕੋਠੀ ਦੇ ਮਾਲਕ ਨੂੰ ਅਗਵਾ ਕਰਨ ਅਤੇ ਕੋਠੀ ’ਤੇ ਕਬਜ਼ਾ ਕਰਨ ਦੇ ਮਾਮਲੇ ਵਿੱਚ ਕਥਿਤ ਮੁਲਜ਼ਮ ਸੰਜੀਵ ਮਹਾਜਨ ਹਵਾਲਾਤ ਵਿੱਚ ਬੰਦ ਹੈ। ਪਿਛਲੇ ਸਾਲ ਮਾਰਚ 2020 ਨੂੰ ਇਥੋਂ ਦੇ ਸੈਕਟਰ 38 ਦੇ ਚੌਕ ਨੇੜੇ ਬਾਊਂਸਰ ਸੁਰਜੀਤ ਦੀ ਮੋਟਰਸਾਈਕਲ ਸਵਾਰ ਅਣਪਛਾਤੇ ਮੁਲਜ਼ਮਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸੈਕਟਰ 37 ਕੋਠੀ ਕਾਂਡ ਨੂੰ ਲੈ ਕੇ ਦਰਜ ਐਫਆਈਆਰ ਵਿੱਚ ਬਾਊਂਸਰ ਸੁਰਜੀਤ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।
ਉਧਰ ਸੰਜੀਵ ਮਹਾਜਨ ਦੇ ਵਕੀਲ ਰਾਜੇਸ਼ ਸ਼ਰਮਾ ਨੇ ਕਿਹਾ ਕਿ ਬਾਊਂਸਰ ਸੁਰਜੀਤ ਦਾ ਮਾਮਲਾ 13 ਮਹੀਨੇ ਪੁਰਾਣਾ ਹੈ ਅਤੇ ਇਸ ਕੇਸ ਦੀ ਜਾਂਚ ਪਹਿਲਾਂ ਤੋਂ ਹੀ ਚੱਲ ਰਹੀ ਹੈ। ਅਜਿਹੇ ਵਿੱਚ ਕੋਠੀ ਨੂੰ ਹੜੱਪਣ ਵਾਲੇ ਕੇਸ ਵਿੱਚ ਮੁਲਜ਼ਮ ਬਣਾਏ ਗਏ ਸੰਜੀਵ ਮਹਾਜਨ ’ਤੇ ਇਹ ਇਲਜ਼ਾਮ ਸਿੱਧਾ ਸਿੱਧਾ ਇਸ਼ਾਰਾ ਕਰਦਾ ਹੈ ਕਿ ਪੁਲੀਸ ਸੰਜੀਵ ਮਹਾਜਨ ਨੂੰ ਹਵਾਲਾਤ ਤੋਂ ਬਾਹਰ ਆਉਣ ਨਹੀਂ ਦੇਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਸੰਜੀਵ ਮਹਾਜਨ ਨੂੰ ਇਸ ਕੇਸ ਵਿੱਚ ਗਲਤ ਫਸਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਚੰਡੀਗੜ੍ਹ ਪੁਲੀਸ ਨੇ ਸੈਕਟਰ 37 ਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੜੱਪਣ ਦੇ ਮਾਮਲੇ ਵਿੱਚ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੋਣ ਵਾਲੇ ਇਕ ਰੋਜ਼ਾਨਾ ਅਖਬਾਰ ਦੇ ਸੀਨੀਅਰ ਪੱਤਰਕਾਰ ਸੰਜੀਵ ਮਹਾਜਨ ਸਮੇਤ 9 ਵਿਅਕਤੀਆਂ ਖਿਲਾਫ ਲਗਪਗ 15 ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਸੀ। ਇਥੋਂ ਦੇ ਸੈਕਟਰ 31 ਦੀ ਥਾਣਾ ਪੁਲੀਸ ਨੇ ਸੰਜੀਵ ਮਹਾਜਨ ਤੋਂ ਇਲਾਵਾ ਸਤਪਾਲ ਡਾਗਰ, ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ, ਖਲੇਂਦਰ ਸਿੰਘ ਕਾਦਿਆਨ, ਅਸ਼ੋਕ ਅਰੋੜਾ, ਸੌਰਭ ਗੁਪਤਾ, ਸ਼ੇਖਰ ਅਤੇ ਦਲਜੀਤ ਸਿੰਘ ਸਮੇਤ ਬਾਊਂਸਰ ਸੁਰਜੀਤ ਸਿੰਘ ਨੂੰ ਮੁਲਜ਼ਮ ਬਣਾਇਆ ਸੀ। ਮੁਲਜ਼ਮ ਸੁਰਜੀਤ ਦਾ ਮਾਰਚ 2020 ਵਿੱਚ ਕਤਲ ਹੋ ਚੁੱਕਾ ਹੈ। ਜਾਣਕਾਰੀ ਅਨੁਸਾਰ ਪੁਲੀਸ ਨੂੰ ਬਾਊਂਸਰ ਸੁਰਜੀਤ ਦੀ ਪਤਨੀ ਵਲੋਂ ਕੀਤੀ ਗਈ ਸ਼ਿਕਾਇਤ ਦੇ ਅਧਾਰ ’ਤੇ ਪੁਲੀਸ ਰਿਮਾਂਡ ਦੇ ਦੌਰਾਨ ਸੈਕਟਰ 37 ਦੀ ਕੋਠੀ ਨੂੰ ਲੈਕੇ ਲੈਣਦੇਣ ਕਾਰਨ ਬਾਊਂਸਰ ਸੁਰਜੀਤ ਦੇ ਕਤਲ ਦੇ ਸਬੰਧ ਨੂੰ ਲੈ ਕੇ ਘੋਖ ਪੜਤਾਲ ਕਰਨ ਲਈ ਪੁੱਛਗਿੱਛ ਕੀਤੀ ਗਈ।