ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਸਤੰਬਰ
ਇਥੇ ਸੈਕਟਰ-37 ’ਚ ਕਰੋੜ ਰੁਪਏ ਦੀ ਕੋਠੀ ’ਤੇ ਕਥਿਤ ਤੌਰ ’ਤੇ ਕਬਜ਼ਾ ਕਰਨ ਦੇ ਮਾਮਲੇ ਵਿੱਚ ਕਾਰਵਾਈ ਨਾ ਕਰਨ ਦੇ ਦੋਸ਼ ਹੇਠ ਥਾਣਾ ਸੈਕਟਰ-39 ਦੇ ਸਾਬਕਾ ਐੱਸਐੱਚਓ ਰਾਜਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ। ਪ੍ਰਾਪਤ ਜਾਣਕਾਰੀ ਸੈਕਟਰ-37 ਵਿਚਲੇ ਕੋਠੀ ਦੇ ਕਿਰਾਏਦਾਰ ਪ੍ਰਦੀਪ ਰਤਨ ਨੇ ਥਾਣਾ ਸੈਕਟਰ-39 ਦੇ ਤਤਕਾਲੀ ਐੱਸਐੱਚਓ ਰਾਜਦੀਪ ਸਿੰਘ ਨੂੰ ਮਾਮਲੇ ਬਾਰੇ ਸ਼ਿਕਾਇਤ ਕੀਤੀ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਜਿਸ ਘਰ ਵਿੱਚ ਉਹ ਰਹਿੰਦਾ ਹੈ ਉਸ ’ਤੇ ਸੰਜੀਵ ਮਹਾਜਨ ਅਤੇ ਸੁਰਜੀਤ ਬਾਊਂਸਰ ਕਬਜ਼ਾ ਕਰਨਾ ਚਾਹੁੰਦੇ ਹਨ, ਜਦੋਂ ਕਿ ਕੋਠੀ ਮਾਲਕ ਰਾਹੁਲ ਮਹਿਤਾ ਕੁਝ ਦਿਨਾਂ ਤੋਂ ਲਾਪਤਾ ਹੈ। ਰਾਜਦੀਪ ਸਿੰਘ ਨੇ ਐੱਸਐੱਚਓ ਹੁੰਦਿਆ ਇਸ ਮਾਮਲੇ ਦੀ ਸ਼ਿਕਾਇਤ ਮਿਲਣ ਦੇ ਬਾਵਜੂਦ ਕਥਿਤ ਤੌਰ ’ਤੇ ਕਾਰਵਾਈ ਨਹੀਂ ਕੀਤੀ। ਚੰਡੀਗੜ੍ਹ ਪੁਲੀਸ ਨੇ ਬਾਅਦ ਵਿੱਚ ਸਾਬਕਾ ਐੱਸਐੱਚਓ ਨੂੰ ਕਾਰਵਾਈ ਨਾ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਸੀ। ਉਹ ਡੇਢ ਸਾਲ ਤੋਂ ਬੁੜ੍ਹੈਲ ਜੇਲ੍ਹ ਵਿੱਚ ਬੰਦ ਹੈ ਅਤੇ ਚੰਡੀਗੜ੍ਹ ਪੁਲੀਸ ਵੱਲੋਂ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸੈਕਟਰ-37 ਦੀ ਕੋਠੀ ’ਤੇ ਕਬਜ਼ਾ ਕਰਨ, ਫਰਜ਼ੀ ਦਸਤਾਵੇਜ਼ ਬਣਵਾ ਕੇ ਵੇਚਣ ਤੇ ਮਾਲਕ ਨੂੰ ਬੰਧਕ ਬਣਾ ਕੇ ਰਾਜਸਥਾਨ ਦੇ ਭਰਤਪੁਰ ਸਥਿਤ ਆਸ਼ਰਮ ਵਿੱਚ ਰੱਖਣ ਦੇ ਦੋਸ਼ਾਂ ਤਹਿਤ ਚੰਡੀਗੜ੍ਹ ਪੁਲੀਸ ਨੇ ਪੱਤਰਕਾਰ ਸੰਜੀਵ ਮਹਾਜਨ, ਕਾਰੋਬਾਰੀ ਮਨੀਸ਼ ਗੁਪਤਾ, ਸਤਪਾਲ ਡਾਗਰ, ਸ਼ਰਾਬ ਠੇਕੇਦਾਰ ਅਰਵਿੰਦ ਸਿੰਗਲਾ, ਖਲੇਂਦਰ ਸਿੰਘ ਕਾਦਿਆਨ, ਅਸ਼ੋਕ ਅਰੋੜਾ, ਸੌਰਭ ਗੁਪਤਾ, ਸ਼ੇਖਰ, ਦਲਜੀਤ ਸਿੰਘ ਰੁੱਬਲ ਸਮੇਤ ਇਕ ਬਾਊਂਸਰ, ਜਿਸ ਦੀ ਮੌਤ ਹੋ ਚੁੱਕੀ ਹੈ, ਨੂੰ ਮੁਜ਼ਲਮ ਬਣਾਇਆ ਹੈ। ਇਨ੍ਹਾਂ ’ਤੇ ਦੋਸ਼ ਹੈ ਕਿ ਸੈਕਟਰ-37 ਦੀ ਕੋਠੀ ਨੰਬਰ-340 ’ਤੇ ਕਬਜ਼ਾ ਕੀਤਾ ਗਿਆ ਸੀ ਅਤੇ ਮਾਲਕ ਰਾਹੁਲ ਮਹਿਤਾ ਨੂੰ ਸਰੀਰਕ ਕਸ਼ਟ ਦਿੱਤੇ ਗਏ ਸਨ। ਇਨ੍ਹਾਂ ਮੁਲਜ਼ਮਾਂ ਦੇ ਦੋਸ਼ ਹੈ ਕਿ ਇਨ੍ਹਾਂ ਨੇ ਮਿਲੀਭੁਗਤ ਕਰਕੇ ਕੋਠੀ ਦੇ ਫਰਜ਼ੀ ਦਸਤਾਵੇਜ਼ ਬਣਾ ਕੇ ਵੇਚ ਦਿੱਤੀ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।