ਮੁਕੇਸ਼ ਕੁਮਾਰ
ਚੰਡੀਗੜ੍ਹ, 12 ਜੂਨ
ਇਥੇ ਲੰਘੀ 31 ਮਈ ਨੂੰ ਸੈਕਟਰ 33 ਸਥਿਤ ਸ਼ਰਾਬ ਕਾਰੋਬਾਰੀ ਦੀ ਕੋਠੀ ’ਤੇ ਹੋਈ ਗੋਲੀਬਾਰੀ ਦੀ ਵਾਰਦਾਤ ਨੂੰ ਲੈਕੇ ਚੰਡੀਗੜ੍ਹ ਪੁਲੀਸ ਨੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਕੁਲਵਿੰਦਰ ਸਿੰਘ (40) ਵਾਸੀ ਪਿੰਡ ਸਾਰੰਗਪੁਰ ਵਜੋਂ ਹੋਈ ਹੈ। ਪੁਲੀਸ ਅਨੁਸਾਰ ਇਸ ਮੁਲਜ਼ਮ ਨੂੰ ਸੈਕਟਰ 34 ਥਾਣੇ ਦੇ ਮੁਖੀ ਬਲਦੇਵ ਸਿੰਘ ਦੀ ਅਗਵਾਈ ਹੇਠ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਕੁਲਵਿੰਦਰ ਸਿੰਘ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਸੇਵਕ ਅਤੇ ਦੀਪਕ ਉਰਫ ਦੀਪੂ ਦੇ ਨਾਲ ਉਸ ਦੀ ਪਹਿਲਾਂ ਤੋਂ ਹੀ ਜਾਣ-ਪਛਾਣ ਸੀ। ਦੀਪਕ ਉਰਫ ਦੀਪੂ, ਜੋ ਕੇਂਦਰੀ ਜੇਲ੍ਹ ਅੰਬਾਲਾ ਵਿਚ ਬੰਦ ਸੀ, ਨੂੰ ਇਸ ਗੋਲੀ ਕਾਂਡ ਨੂੰ ਲੈਕੇ ਚੰਡੀਗੜ੍ਹ ਪੁਲੀਸ ਵਲੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ। ਪੁਲੀਸ ਅਨੁਸਾਰ ਇਹ ਤਿੰਨੇ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਦੇ ਸਰਗਰਮ ਮੈਂਬਰ ਹਨ। ਮੁਲਜ਼ਮ ਕੁਲਵਿੰਦਰ ਨੇ ਦੱਸਿਆ ਕਿ ਦੀਪਕ ਉਰਫ ਦੀਪੂ ਨੇ ਉਸ ਨਾਲ ਵਟਸਐਪ ਜ਼ਰੀਏ ਸੰਪਰਕ ਕੀਤਾ ਸੀ। ਕੁਝ ਦਿਨ ਪਹਿਲਾਂ ਉਸ ਨੂੰ ਦੀਪਕ ਦਾ ਵਟਸਐਪ ਕਾਲ ਆਇਆ ਸੀ ਅਤੇ ਉਸ ਨੇ ਸ਼ੂਟਰਾਂ ਦੇ ਠਹਿਰਣ, ਹਥਿਆਰ ਅਤੇ ਆਉਣ ਜਾਣ ਲਈ ਪ੍ਰਬੰਧ ਕਰਨ ਲਈ ਕਿਹਾ ਸੀ। ਗੋਲੀਬਾਰੀ ਦੀ ਵਾਰਦਾਤ ਤੋਂ ਬਾਅਦ ਉਹ ਦੋ ਮੁਲਜ਼ਮਾਂ ਨੂੰ ਆਪਣੀ ਕਾਰ ਵਿਚ ਲੈ ਗਿਆ ਅਤੇ ਜਾਣ-ਪਛਾਣ ਵਾਲੇ ਵਿਅਕਤੀਆਂ ਦੇ ਘਰ ਵਿਚ ਪਨਾਹ ਦਿੱਤੀ ਸੀ। ਮੁਲਜ਼ਮ ਕੁਲਵਿੰਦਰ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 5 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ।