ਹਫ਼ਤਾਵਰੀ ਲੌਕਡਾਊਨ ਦੌਰਾਨ ਧਾਰਾ 144 ਲਾਈ

ਹਫ਼ਤਾਵਰੀ ਲੌਕਡਾਊਨ ਦੌਰਾਨ ਧਾਰਾ 144 ਲਾਈ

ਚੰਡੀਗੜ੍ਹ ਵਿੱਚ ਕਰੋਨਾ ਦਾ ਫੈਲਾਅ ਰੋਕਣ ਸਬੰਧੀ ਵਾਰ-ਰੂਮ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ।

ਕੁਲਦੀਪ ਸਿੰਘ

ਚੰਡੀਗੜ੍ਹ, 7 ਮਈ

ਕੋਵਿਡ-19 ਮਹਾਮਾਰੀ ਦੇ ਵਧ ਰਹੇ ਫੈਲਾਅ ਨੂੰ ਗੰਭੀਰਤਾ ਨਾਲ ਲੈਂਦਿਆਂ ਯੂ.ਟੀ. ਪ੍ਰਸ਼ਾਸਨ ਨੇ ਸਖ਼ਤੀ ਵਧਾ ਦਿੱਤੀ ਹੈ ਜਿਸ ਦੇ ਚਲਦਿਆਂ ਸ਼ਹਿਰ ਵਿੱਚ ਹਫ਼ਤਾਵਰੀ ਤਾਲ਼ਾਬੰਦੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਤਾਲ਼ਾਬੰਦੀ ਦੌਰਾਨ ਸ਼ਹਿਰ ਵਿੱਚ ਧਾਰਾ-144 ਵੀ ਲਾਗੂ ਕਰਨ ਦਾ ਫ਼ੈਸਲਾ ਕਰ ਲਿਆ ਗਿਆ ਹੈ। ਇਸ ਫ਼ੈਸਲੇ ਤਹਿਤ ਹੁਣ ਤਾਲ਼ਾਬੰਦੀ ਦੌਰਾਨ ਸ਼ਹਿਰ ਵਿੱਚ ਕਿਸੇ ਵੀ ਪਾਸੇ ਚਾਰ ਵਿਅਕਤੀਆਂ ਤੋਂ ਜ਼ਿਆਦਾ ਇਕੱਠੇ ਹੋਣ ’ਤੇ ਮਨਾਹੀ ਹੋਵੇਗੀ। ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵੱਲੋਂ ਇਹ ਫ਼ੈਸਲਾ ਅੱਜ ਇੱਥੇ ਕਰੋਨਾ ਦੇ ਫੈਲਾਅ ਸਬੰਧੀ ਜਾਣਕਾਰੀ ਲੈਣ ਲਈ ਕੀਤੀ ਗਈ ਵਾਰ-ਰੂਮ ਦੀ ਮੀਟਿੰਗ ਵਿੱਚ ਕੀਤਾ ਗਿਆ।

ਪ੍ਰਸ਼ਾਸਕ ਬਦਨੌਰ ਨੇ ਵੱਖ-ਵੱਖ ਮੈਡੀਕਲ ਸੰਸਥਾਵਾਂ ਵਿੱਚ ਆਕਸੀਜਨ ਦੀ ਉਪਲਬਧਤਾ ਦੀ ਸਮੀਖਿਆ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਪਾਸੇ ਆਕਸੀਜਨ ਦੀ ਕਮੀ ਨਾ ਹੋਵੇ। ਜ਼ਰੂਰਤ ਪੈਣ ’ਤੇ ਚੰਡੀਗੜ੍ਹ ਦੇ ਨਿਜੀ ਹਸਪਤਾਲਾਂ ਲਈ ਵੀ ਵਿਸ਼ੇਸ਼ ਕੋਟਾ ਨਿਰਧਾਰਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਵਧ ਰਹੇ ਮਰੀਜ਼ਾਂ ਉਤੇ ਚਿੰਤਾ ਜ਼ਾਹਿਰ ਕੀਤੀ ਅਤੇ ਦੱਸਿਆ ਕਿ ਸੋਮਵਾਰ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਫੌਜੀ ਹਸਪਤਾਲ ਬਣ ਜਾਣ ਨਾਲ ਮਰੀਜ਼ਾਂ ਲਈ ਬੈੱਡਾਂ ਦੀ ਉਪਲਬਧਤਾ ਵਿੱਚ ਹੋਰ ਸੁਧਾਰ ਹੋਵੇਗਾ।

ਉਨ੍ਹਾਂ ਸ਼ਹਿਰ ਦੇ ਨਾਗਰਿਕਾਂ ਨੂੰ ਹਫ਼ਤਾਵਰੀ ਤਾਲ਼ਾਬੰਦੀ ਅਤੇ ਧਾਰਾ 144 ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ ਅਤੇ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤੀ ਵਰਤੀ ਜਾਵੇਗੀ। ਉਨ੍ਹਾਂ ਪੁਲੀਸ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀਆਂ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤੀ ਕੀਤੀ ਜਾਵੇ। ਉਨ੍ਹਾਂ ਸ਼ਹਿਰ ਵਿੱਚ ਚੰਡੀਗੜ੍ਹ ਦੇ ਈ.ਐਸ.ਆਈ. ਹਸਪਤਾਲ ਵਿੱਚ 70 ਬੈੱਡਾਂ ਦਾ ਪ੍ਰਬੰਧ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ ਅਤੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਇਸ ਹਸਪਤਾਲ ਵਿੱਚ ਦਵਾਈਆਂ, ਆਕਸੀਜਨ, ਪੀ.ਪੀ.ਈ. ਕਿੱਟਾਂ ਆਦਿ ਦੀ ਉਚਿਤ ਮਾਤਰਾ ਵਿੱਚ ਸਪਲਾਈ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਇਹ ਵੀ ਫ਼ੈਸਲਾ ਹੋਇਆ ਕਿ ਲੋਕ ਸੁਖਨਾ ਝੀਲ ਉਤੇ ਘੁੰਮ ਫਿਰ ਜਾਂ ਸੈਰ ਨਹੀਂ ਕਰ ਸਕਣਗੇ ਜਦਕਿ ਸ਼ਹਿਰ ਦੇ ਬਾਕੀ ਸਾਰੇ ਪਾਰਕ ਸਵੇਰੇ 6 ਵਜੇ ਤੋਂ 9 ਵਜੇ ਤੱਕ ਤਿੰਨ ਘੰਟੇ ਲਈ ਸੈਰ ਕਰਨ ਵਾਸਤੇ ਖੁੱਲ੍ਹੇ ਰਹਿਣਗੇ।

ਬਦਨੌਰ ਦੀ ਅਗਵਾਈ ਹੇਠ ਪੰਜਾਬ ਰਾਜ ਭਵਨ ਵਿੱਚ ਹੋਈ ਮੀਟਿੰਗ ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ, ਗ੍ਰਹਿ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਰੁਣ ਕੁਮਾਰ ਗੁਪਤਾ, ਡੀ.ਜੀ.ਪੀ. ਸੰਜੇ ਬੈਨੀਵਾਲ ਵੀ ਸ਼ਾਮਿਲ ਹੋਏ ਜਦਕਿ ਕਮਿਸ਼ਨਰ ਨਗਰ ਨਿਗਮ ਕੇ.ਕੇ. ਯਾਦਵ, ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ, ਸੀ.ਈ.ਓ. ਹਾਊਸਿੰਗ ਬੋਰਡ ਯਸ਼ਪਾਲ ਗਰਗ ਸਮੇਤ ਮੁਹਾਲੀ ਤੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ, ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਜਗਤ ਰਾਮ, ਜੀ.ਐਮ.ਸੀ.ਐਚ.-32 ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਜਸਬਿੰਦਰ ਕੌਰ ਤੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਮਨਦੀਪ ਕੰਗ ਵੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਸ਼ਾਮਿਲ ਹੋਏ।

ਪਾਰਕਵਿਊ ਹੋਟਲ ਵਿੱਚ ਭੁਗਤਾਨ ਕਰਕੇ ਰਹਿ ਸਕਣਗੇ ਕੋਵਿਡ ਮਰੀਜ਼

ਪ੍ਰਸ਼ਾਸਕ ਵੀਪੀ ਬਦਨੌਰ ਨੇ ਸਿਟਕੋ ਦੇ ਚੇਅਰਮੈਨ ਨੂੰ ਨਿਰਦੇਸ਼ ਦਿੱਤੇ ਕਿ ਹੋਟਲ ਪਾਰਕਵਿਊ ਨੂੰ ਉਨ੍ਹਾਂ ਕੋਵਿਡ ਮਰੀਜ਼ਾਂ ਨੂੰ ਰੱਖਣ ਲਈ ਖੋਲ੍ਹਿਆ ਜਾਵੇ ਜਿਹੜੇ ਮਰੀਜ਼ ਆਪਣੇ ਭੁਗਤਾਨ ਉਤੇ ਵਧੀਆ ਸਹੂਲਤ ਚਾਹੁੰਦੇ ਹੋਣਗੇ। ਉਨ੍ਹਾਂ ਸਲਾਹ ਦਿੱਤੀ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਹੋਟਲ ਵਿੱਚ ਚੰਡੀਗੜ੍ਹ ਦੇ ਨਾਗਰਿਕ ਕੋਵਿਡ ਮਰੀਜ਼ਾਂ ਲਈ ਇਹ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਿਹਾ ਜਾਵੇ। ਹੋਟਲ ਵਿੱਚ ਮੁਢਲੀਆਂ ਮੈਡੀਕਲ ਕੇਅਰ ਅਤੇ ਨਰਸਿੰਗ ਸਹੂਲਤਾਂ ਦਾ ਮਰੀਜ਼ ਨੂੰ ਭੁਗਤਾਨ ਕਰਨਾ ਪਵੇਗਾ।

ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਆਕਸੀਜਨ ਪਲਾਂਟ ਸ਼ੁਰੂ

ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਦੇ ਸੈਕਟਰ-6 ਦੇ ਸਿਵਲ ਹਸਪਤਾਲ ਵਿੱਚ ਸਥਿਤ ਆਕਸੀਜਨ ਪਲਾਂਟ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਪਲਾਂਟ ਦੇ ਸ਼ੁਰੂ ਹੋਣ ਨਾਲ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਨੂੰ ਕਾਫ਼ੀ ਸਹੂਲਤ ਮਿਲੇਗੀ। ਇਸ ਪਲਾਂਟ ਦੇ ਸ਼ੁਰੂ ਹੋਣ ਨਾਲ ਆਕਸੀਜਨ ਦੀ ਕਮੀ ਘੱਟ ਜਾਵੇਗੀ। ਡੀਸੀ ਮੁਕੇਸ਼ ਕੁਮਾਰ ਅਹੂਜਾ ਨੇ ਦੱਸਿਆ ਕਿ ਆਕਸੀਜਨ ਪਲਾਂਟ ਚਾਲੂ ਹੁੰਦਿਆਂ ਹੀ ਇਸ ਦੇ ਨਾਲ ਹੀ ਸਾਰੇ ਬੈੱਡਾਂ ਨੂੰ ਆਕਸੀਜਨ ਕੁਨੈਕਸ਼ਨ ਨਾਲ ਦਿੱਤਾ ਗਿਆ ਹੈ। ਹਸਪਤਾਲ ਦੇ ਇਸ ਆਕਸੀਜਨ ਪਲਾਂਟ ’ਤੇ ਕਰੀਬ ਇੱਕ ਕਰੋੜ 70 ਲੱਖ ਰੁਪਏ ਦਾ ਖਰਚਾ ਆਇਆ ਹੈ। ਇਸ ਪਲਾਂਟ ਦੇ ਸ਼ੁਰੂ ਹੋਣ ਨਾਲ ਇਸ ਪਲਾਂਟ ਵਿੱਚ ਇੱਕ ਮਿੰਟ ਵਿੱਚ 300 ਲੀਟਰ ਆਕਸੀਜਨ ਤਿਆਰ ਕੀਤੀ ਜਾ ਰਹੀ ਹੈ। ਇਸ ਅਨੁਸਾਰ 24 ਘੰਟਿਆਂ ਵਿੱਚ 4 ਲੱਖ 32 ਹਜ਼ਾਰ ਲੀਟਰ ਆਕਸੀਜਨ ਹਰ ਰੋਜ਼ ਤਿਆਰ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All