ਆਤਿਸ਼ ਗੁਪਤਾ
ਚੰਡੀਗੜ੍ਹ, 19 ਜੁਲਾਈ
ਚੰਡੀਗੜ੍ਹ ਵਿੱਚ ਨਿੱਤ ਲੱਗਣ ਵਾਲੇ ਧਰਨਿਆਂ ਕਾਰਨ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਭੰਗ ਹੁੰਦੀ ਹੈ ਜਿਸਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਇਹ ਆਦੇਸ਼ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਸ਼ਹਿਰ ’ਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਸਬੰਧੀ ਕੀਤੀ ਸਮੀਖਿਆ ਮੀਟਿੰਗ ਉਪਰੰਤ ਡੀਸੀ ਮਨਦੀਪ ਸਿੰਘ ਬਰਾੜ ਨੇ ਜਾਰੀ ਕੀਤੇ।
ਪ੍ਰਸ਼ਾਸਕ ਨੇ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਕਿਸੇ ਵੀ ਰਾਜਸੀ ਪਾਰਟੀ ਜਾਂ ਜਥੇਬੰਦੀ ਵੱਲੋਂ ਇਕੱਠ, ਧਰਨੇ ਅਤੇ ਮੁਜ਼ਾਹਰੇ ਸੈਕਟਰ-25 ਦੇ ਰੈਲੀ ਗਰਾਉਂਡ ਵਿੱਚ ਕੀਤੇ ਜਾ ਸਕਣਗੇ ਜਿਸ ਲਈ ਯੂਟੀ ਪ੍ਰਸ਼ਾਸਨ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ। ਬਿਨਾਂ ਪ੍ਰਵਾਨਗੀ ਧਰਨਾ ਦੇਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਬਦਨੌਰ ਨੇ ਧਰਨੇ ਵਿੱਚ ਟਰੈਕਟਰ ਅਤੇ ਟਰਾਲੀ ਦੀ ਵਰਤੋਂ ’ਤੇ ਪਾਬੰਦੀ ਲਾ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਦੀ ਪੁਲੀਸ ਨੂੰ ਵੀ ਰਾਜਧਾਨੀ ਵਿੱਚ ਲੋੜ ਪੈਣ ’ਤੇ ਮਦਦ ਦੇਣ ਦੀ ਹਦਾਇਤਾਂ ਦਿੱਤੀਆਂ ਹਨ ਜਿਸ ਲਈ ਅਗਲੇ ਹਫ਼ਤੇ ਟ੍ਰਾਈਸਿਟੀ ਦੇ ਪੁਲੀਸ ਅਧਿਕਾਰੀ ਮੀਟਿੰਗ ਕਰ ਕੇ ਰਣਨੀਤੀ ਤਿਆਰ ਕਰਨਗੇ। ਪ੍ਰਸ਼ਾਸਕ ਨੇ ਪੁਲੀਸ ਨੂੰ ਆਦੇਸ਼ ਦਿੱਤੇ ਕਿ ਪ੍ਰਦਰਸ਼ਨਕਾਰੀਆਂ ’ਤੇ ਦਰਜ ਕੀਤੇ ਕੇਸਾਂ ਦੀ ਨਿਰਪੱਖ ਜਾਂਚ ਕੀਤੀ ਜਾਵੇ। ਡੀਸੀ ਸ੍ਰੀ ਬਰਾੜ ਨੇ ਕਿਹਾ ਕਿ ਧਾਰਾ 144 ਅਧੀਨ ਬਿਨ੍ਹਾਂ ਪ੍ਰਵਾਨਗੀ ਤੋਂ ਸ਼ਹਿਰ ਵਿੱਚ ਕੋਈ ਵੀ ਇਕੱਠ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਰੈਲੀ ਗਰਾਊਂਡ ਵਿੱਚ ਰੋਸ ਮੁਜ਼ਾਹਰਾ ਕਰਨਾ ਹੈ ਤਾਂ ਐੱਸਡੀਐੱਮ ਦੀ ਪ੍ਰਵਾਨਗੀ ਤੋਂ ਬਾਅਦ ਕਰ ਸਕਦਾ ਹੈ।