ਹਰਜੀਤ ਸਿੰਘ
ਜ਼ੀਰਕਪੁਰ, 17 ਜੁਲਾਈ
ਪੁਲੀਸ ਨੇ ਵੀਆਈਪੀ ਰੋਡ ’ਤੇ ਸਥਿਤ ਰੇਲ ਵਿਹਾਰ ਕਲੋਨੀ ਵਿੱਚ ਅੱਜ ਤਲਾਸ਼ੀ ਮੁਹਿੰਮ ਚਲਾਈ। ਪੁਲੀਸ ਨੇ ਅੱਜ ਤੜਕੇ ਛੇ ਵਜੇ ਅਚਨਚੇਤ ਭਾਰੀ ਪੁਲੀਸ ਫੋਰਸ ਲੈ ਕੇ ਸੁਸਾਇਟੀ ਦਾ ਗੇਟ ਬੰਦ ਕਰ ਕੇ ਇਹ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲੀਸ ਨੇ ਇਕ ਫਲੈਟ ਮਾਲਕ ਖ਼ਿਲਾਫ਼ ਸ਼ਰਾਬ ਰੱਖਣ ਤੇ ਦੋ ਮਕਾਨ ਮਾਲਕਾਂ ਖ਼ਿਲਾਫ਼ ਪੁਲੀਸ ਜਾਂਚ ਕਰਵਾਏ ਬਿਨਾਂ ਕਿਰਾਏਦਾਰ ਰੱਖਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਸ਼ਹਿਰ ਦੀਆਂ ਵੱਖ ਵੱਖ ਸੁਸਾਇਟੀਆਂ ਵਿੱਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਵੱਡੀ ਗਿਣਤੀ ਪੁਲੀਸ ਫੋਰਸ ਨਾਲ ਹਰੇਕ ਘਰ ਵਿੱਚ ਰਹਿਣ ਵਾਲੇ ਵਿਅਕਤੀ ਦੇ ਪ੍ਰਮਾਣ ਪੱਤਰਾਂ ਦੀ ਜਾਂਚ ਕਰਨ ਤੋਂ ਇਲਾਵਾ ਸ਼ੱਕੀ ਘਰਾਂ ਦੇ ਅੰਦਰ ਸਾਮਾਨ ਦੀ ਵੀ ਜਾਂਚ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਫਲੈਟ ਮਾਲਕ ਹਤਿੰਦਰ ਸਿੰਘ ਮਨਹਾਸ ਅਤੇ ਸੰਤੋਸ਼ ਕੁਮਾਰ ਦੇ ਖ਼ਿਲਾਫ਼ ਬਿਨਾਂ ਪੁਲੀਸ ਵੈਰੀਫਿਕੇਸ਼ਨ ਦੇ ਕਿਰਾਏਦਾਰ ਰੱਖਣ ਦੇ ਦੋਸ਼ ਹੇਠ ਧਾਰਾ-188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੌਬਿਨ ਕੁਮਾਰ ਦੇ ਫਲੈਟ ਵਿੱਚੋਂ ਨੌਂ ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਵਿੱਚੋਂ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਸੂਬੇ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਕੁਰਾਲੀ (ਪੱਤਰ ਪ੍ਰੇਰਕ): ਜ਼ਿਲ੍ਹਾ ਪੁਲੀਸ ਵੱਲੋਂ ਅੱਜ ਸਵੇਰੇ ਇਥੋਂ ਦੀ ਰਿਹਾਇਸ਼ੀ ਕਲੋਨੀ ‘ਹੌਲੀਵੁੱਡ ਹਾਈਟਸ’ ਦੀ ਚੈਕਿੰਗ ਕੀਤੀ ਗਈ। ਡੀਐੇੱਸਪੀ ਧਰਮਵੀਰ ਸਿੰਘ ਦੀ ਅਗਵਾਈ ਹੇਠ ਐੱਸਐੱਚਓ ਸਦਰ ਕੁਰਾਲੀ ਭਗਤਵੀਰ ਸਿੰਘ, ਐਸਐਚਓ ਸਿਟੀ ਸੁਖਦੀਪ ਕੌਰ ਤੇ ਐੱਸਐੱਚਓ ਮਾਜਰੀ ਹਿੰਮਤ ਸਿੰਘ ਦੀਆਂ ਪੁਲੀਸ ਟੀਮਾਂ ਨੇ ਚੈਕਿੰਗ ਕੀਤੀ।