ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 12 ਅਕਤੂਬਰ
ਜੀ.ਟੀ. ਰੋਡ ਸਰਹਿੰਦ ਵਿਖੇ ਇੱਕ ਤੇਜ਼ ਰਫਤਾਰ ਕਾਰ ਦੀ ਫੇਟ ਵੱਜਣ ਕਾਰਨ ਇੱਕ ਸਕੂਟਰ ਚਾਲਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਵਾਸੀ ਪਿੰਡ ਬਰਵਾਲਾ ਜ਼ਿਲ੍ਹਾ ਲੁਧਿਆਣਾ ਐਕਟਿਵਾ ਸਕੂਟਰ ’ਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਜਾ ਰਿਹਾ ਸੀ ਕਿ ਰਸਤੇ ’ਚ ਸਰਹਿੰਦ ਜੀ.ਟੀ. ਰੋਡ ’ਤੇ ਖੰਨਾ ਵਾਲੇ ਪਾਸਿਓਂ ਆਈ ਇੱਕ ਤੇਜ਼ ਰਫਤਾਰ ਕਾਰ ਉਸ ਦੇ ਸਕੂਟਰ ਨੂੰ ਫੇਟ ਮਾਰ ਕੇ ਲੰਘ ਗਈ। ਕਾਰ ਦੀ ਫੇਟ ਵੱਜਣ ਕਾਰਨ ਕੁਲਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਤੋਂ ਮੁੱਢਲੀ ਸਹਾਇਤਾ ਦਿਵਾਉਣ ਉਪਰੰਤ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਦੋਂ ਇਲਾਜ ਲਈ ਐਂਬੂਲੈਂਸ ‘ਚ ਡੀ.ਐਮ.ਸੀ. ਹਸਪਤਾਲ ਲੁਧਿਆਣਾ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਥਾਣਾ ਸਰਹਿੰਦ ਦੀ ਪੁਲੀਸ ਵੱਲੋਂ ਕਾਰ ਦੇ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਟਰੈਕਟਰ ਦੀ ਟੱਕਰ ਨਾਲ ਨੌਜਵਾਨ ਦੀ ਮੌਤ
ਅੰਬਾਲਾ (ਨਿਜੀ ਪੱਤਰ ਪ੍ਰੇਰਕ): ਥਾਣਾ ਨੱਗਲ ਦੇ ਤਹਿਤ ਛਪਰਾ ਪਿੰਡ ਕੋਲ ਇਕ ਟਰੈਕਟਰ ਚਾਲਕ ਵੱਲੋਂ ਮੋਟਰ ਸਾਈਕਲ ਨੂੰ ਟੱਕਰ ਮਾਰਨ ਕਰਕੇ ਮੋਟਰ ਸਾਈਕਲ ਚਾਲਕ ਨੌਜਵਾਨ ਮਨਪ੍ਰੀਤ ਵਾਸੀ ਛਪਰਾ ਦੀ ਮੌਤ ਹੋ ਗਈ। ਨੱਗਲ ਪੁਲੀਸ ਨੇ ਸੁਖਵਿੰਦਰ ਸਿੰਘ ਵਾਸੀ ਛਪਰਾ ਦੇ ਬਿਆਨ ’ਤੇ ਅਣਪਛਾਤੇ ਟਰੈਕਟਰ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਦਸਾ ਕਾਠਗੜ੍ਹ ਬਾਲਾਪੁਰ ਸੜਕ ’ਤੇ ਵਾਪਰਿਆ। ਹਾਦਸੇ ’ਚ ਜ਼ਖ਼ਮੀ ਮਨਪ੍ਰੀਤ ਨੂੰ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਲਿਆਂਦਾ ਗਿਆ ਜਿੱਥੇ ਡਾਕਟਰ ਨੇ ਚੈੱਕ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।