ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਫਰਵਰੀ
ਸ਼ਹਿਰ ਵਿੱਚ ਸਰਕਾਰੀ ਤੇ ਪ੍ਰਾਈਵੇਟ ਸਕੂਲ 14 ਫਰਵਰੀ ਤੋਂ ਸਾਰੀਆਂ ਜਮਾਤਾਂ ਲਈ ਖੁੁੱਲ੍ਹਣਗੇ। ਇਸ ਤੋਂ ਪਹਿਲਾਂ ਦਸਵੀਂ ਤੋਂ ਬਾਰ੍ਹਵੀਂ ਜਮਾਤ ਲਈ ਹੀ ਸਕੂਲ ਖੋਲ੍ਹੇ ਗਏ ਸਨ। ਨਵੇਂ ਹੁਕਮ ਅੱਜ ਜਾਰੀ ਕੀਤੇ ਗਏ। ਦੂਜੇ ਪਾਸੇ ਸਕੂਲ ਨਾ ਆਉਣ ਵਾਲੇ ਵਿਦਿਆਰਥੀਆਂ ਲਈ ਪੜ੍ਹਾਈ ਆਨਲਾਈਨ ਜਾਰੀ ਰਹੇਗੀ। ਇਸੇ ਦੌਰਾਨ ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਸਕੂਲ ਵਿਚ ਕਰੋਨਾ ਸਾਵਧਾਨੀਆਂ ਦਾ ਪਾਲਣ ਕਰਵਾਉਣ ਲਈ ਪਾਬੰਦ ਹੋਣਗੇ। ਸਕੂਲ ਮੁਖੀਆਂ ਨੂੰ ਮਾਸਕ, ਸੈਨੇਟਾਈਜ਼ਰ ਤੇ ਹਵਾ ਦੀ ਨਿਕਾਸੀ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਨੇ ਸਕੂਲ ਖੋਲ੍ਹਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ ਆਨਲਾਈਨ ਪੜ੍ਹਾਈ ਜਾਰੀ ਰੱਖਣ ’ਤੇ ਇਤਰਾਜ਼ ਵੀ ਜਤਾਇਆ ਹੈ। ਸ਼ਹਿਰ ਦੇ ਇਕ ਮੋਹਰੀ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਹੁਣ ਕਰੋਨਾ ਦੇ ਕੇਸ ਕਾਫੀ ਘੱਟ ਗਏ ਹਨ। ਇਸ ਕਰ ਕੇ ਪ੍ਰਸ਼ਾਸਨ ਨੂੰ ਸਾਰੀਆਂ ਜਮਾਤਾਂ ਲਈ ਸਿਰਫ ਆਫਲਾਈਨ ਪੜ੍ਹਾਈ ਹੀ ਕਰਵਾਉਣ ਦੇ ਹੁਕਮ ਜਾਰੀ ਕਰਨੇ ਚਾਹੀਦੇ ਸਨ, ਕਿਉਂਕਿ ਜੇ ਉਹ ਆਨਲਾਈਨ ਪੜ੍ਹਾਈ ਜਾਰੀ ਰੱਖਦੇ ਹਨ ਤਾਂ ਉਨ੍ਹਾਂ ਨੂੰ ਇਕ ਜਮਾਤ ਲਈ ਦੋ-ਦੋ ਅਧਿਆਪਕ ਵਾਧੂ ਰੱਖਣੇ ਪੈਣਗੇ। ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਗੋਇਲ ਨੇ ਸਾਰੀਆਂ ਜਮਾਤਾਂ ਲਈ ਸਕੂਲ ਖੋਲ੍ਹਣ ਦੇ ਹੁਕਮਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਚੰਡੀਗੜ੍ਹ ਵਿਚ ਸਾਰੇ ਸਕੂਲਾਂ ਕੋਲ ਹਾਈਬ੍ਰਿਡ ਸਿਸਟਮ ਨਹੀਂ ਹੈ, ਜਿਸ ਕਾਰਨ ਉਹ ਆਫਲਾਈਨ ਤੇ ਆਨਲਾਈਨ ਪੜ੍ਹਾਈ ਜਾਰੀ ਨਹੀਂ ਰੱਖ ਰਹੇ। ਇਸ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਯੋਗ ਕਦਮ ਚੁੱਕਣੇ ਚਾਹੀਦੇ ਹਨ। ਉਧਰ ਇੰਡੀਪੈਂਡੈਂਟ ਸਕੂਲ ਐਸੋੋਸੀਏਸ਼ਨ ਨੇ ਮਾਰਕੀਟਾਂ ਤੇ ਹੋਰ ਥਾਵਾਂ ਤੋਂ ਪਾਬੰਦੀਆਂ ਹਟਾਉਣ ਦਾ ਹਵਾਲਾ ਦਿੰਦਿਆਂ ਸਕੂਲਾਂ ਵਿਚ ਆਨਲਾਈਨ ਪੜ੍ਹਾਈ ਬੰਦ ਕਰਨ ਤੇ ਸਕੂਲਾਂ ਵਿੱਚ ਆਫਲਾਈਨ ਪੜ੍ਹਾਈ ਕਰਵਾਉਣ ਦੀ ਮੰਗ ਕੀਤੀ ਹੈ। ਸਕੂਲ ਆਉਣ ਵਾਲੇ ਵਿਦਿਆਰਥੀਆਂ ਨੂੰ ਮਾਪਿਆਂ ਦੀ ਸਹਿਮਤੀ ਲਿਆਉਣੀ ਜ਼ਰੂਰੀ ਹੋਵੇਗੀ।
ਤੀਜੀ ਤੋਂ ਗਿਆਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਮਾਰਚ ਤੋਂ
ਤੀਜੀ ਤੋਂ ਗਿਆਰ੍ਹਵੀਂ ਜਮਾਤ ਦੀਆਂ ਸਕੂਲ ਪੱਧਰ ਦੀਆਂ ਟਰਮ-2 ਪ੍ਰੀਖਿਆਵਾਂ 15 ਮਾਰਚ ਤੋਂ ਹੋਣਗੀਆਂ। ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਭਜੋਤ ਕੌਰ ਨੇ ਸਕੂਲ ਮੁਖੀਆਂ ਨੂੰ ਇਸ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ। ਇਨ੍ਹਾਂ ਪ੍ਰੀਖਿਆਵਾਂ ਲਈ ਪ੍ਰੀਖਿਆ ਪੱਤਰ ਸਕੂਲ ਆਪਣੇ ਪੱਧਰ ’ਤੇ ਤਿਆਰ ਕਰਨਗੇ। ਇਸ ਵਾਰ ਤੀਜੀ ਤੋਂ ਅੱਠਵੀਂ, ਨੌਵੀਂ ਤੇ ਗਿਆਰ੍ਹਵੀਂ ਦੀਆਂ ਪ੍ਰੀਖਿਆਵਾਂ ਆਫਲਾਈਨ ਕਰਵਾਈਆਂ ਜਾਣਗੀਆਂ। ਨੌਵੀਂ ਤੇ ਗਿਆਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਸੀਬੀਐਸਈ ਦੀ ਤਰਜ਼ ’ਤੇ ਕਰਵਾਈਆਂ ਜਾਣਗੀਆਂ ਤੇ ਇਸੀ ਆਧਾਰ ’ਤੇ ਵਿਦਿਆਰਥੀਆਂ ਨੂੰ ਅੰਕ ਦਿੱਤੇ ਜਾਣਗੇ।