ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਅਪਰੈਲ
ਇੱਥੋਂ ਦੇ ਕਈ ਨਿੱਜੀ ਸਕੂਲ ਵਿਦਿਆਰਥੀਆਂ ਦੇ ਮਾਪਿਆਂ ਦੀ ਲੁੱਟ ਕਰ ਰਹੇ ਹਨ। ਸਕੂਲਾਂ ਨੇ ਸਿਰਫ ਟਿਊਸ਼ਨ ਫੀਸ ਵਸੂਲਣ ਦੇ ਹੁਕਮਾਂ ਨੂੰ ਅੱਖੋਂ ਪਰੋਖੇ ਕਰਦਿਆਂ ਸਾਲਾਨਾ ਫੰਡ ਤੇ ਸਾਲਾਨਾ ਫੀਸਾਂ ਨੂੰ ਤਿਮਾਹੀ ਫੀਸਾਂ ਵਿੱਚ ਜੋੜ ਦਿੱਤਾ ਹੈ। ਇਸ ਤਰ੍ਹਾਂ ਮਾਪਿਆਂ ਨੂੰ ਸੈਸ਼ਨ ਦੇ ਸ਼ੁਰੂ ਵਿੱਚ ਹੀ ਵਾਧੂ ਫੀਸਾਂ ਤਾਰਨੀਆਂ ਪੈ ਰਹੀਆਂ ਹਨ। ਦੂਜੇ ਪਾਸੇ ਸਿੱਖਿਆ ਵਿਭਾਗ ਨੇ ਟਿਊਸ਼ਨ ਫੀਸ ਨੂੰ ਬਾਕੀ ਫੀਸਾਂ ਤੇ ਫੰਡਾਂ ਤੋਂ ਵੱਖ ਕਰਨ ਸਬੰਧੀ ਫਾਈਲ ਕਾਨੂੰਨੀ ਮਾਹਰ ਨੂੰ ਭੇਜ ਦਿੱਤੀ ਹੈ ਜਿਸ ਸਬੰਧੀ ਅਗਲੇ ਦਿਨਾਂ ਵਿੱਚ ਫੈਸਲਾ ਕੀਤਾ ਜਾ ਸਕਦਾ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਮੋਹਰੀ ਸਕੂਲਾਂ ਵਿੱਚ ਪਿਛਲੇ ਸਾਲ ਤਿਮਾਹੀ ਫੀਸਾਂ 8 ਤੋਂ 10 ਹਜ਼ਾਰ ਦਰਮਿਆਨ ਸਨ ਪਰ ਹੁਣ ਕਈ ਸਕੂਲਾਂ ਨੇ ਤਿਮਾਹੀ ਫੀਸਾਂ ਹੀ 18 ਤੋਂ 22 ਹਜ਼ਾਰ ਰੁਪਏ ਕਰ ਦਿੱਤੀਆਂ ਹਨ। ਸੈਕਟਰ-27 ਸਕੂਲ ਦੇ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਸਕੂਲ ਵਲੋਂ ਇਕਦਮ ਵਧਾਈ ਫੀਸ ਸਬੰਧੀ ਜਦੋਂ ਉਨ੍ਹਾਂ ਸਕੂਲ ਜਾ ਕੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਸਕੂਲਾਂ ਨੇ ਫੰਡ ਤੇ ਹੋਰ ਫੀਸਾਂ ਨੂੰ ਤਿਮਾਹੀ ਫੀਸਾਂ ਵਿੱਚ ਜੋੜ ਦਿੱਤਾ ਹੈ। ਉਹ ਇਸ ਫੈਸਲੇ ਖਿਲਾਫ਼ ਸਿੱਖਿਆ ਵਿਭਾਗ ਕੋਲ ਸ਼ਿਕਾਇਤ ਕਰਨਗੇ। ਸੈਕਟਰ-40 ਦੇ ਇਕ ਸਕੂਲ ਦੇ ਦਫਤਰ ਵਿੱਚ ਤਾਇਨਾਤ ਮੁਲਾਜ਼ਮ ਨੇ ਦੱਸਿਆ ਕਿ ਇਸ ਸਾਲ ਤੋਂ ਸਕੂਲ ਪੂਰੀ ਫੀਸ ਲੈ ਰਿਹਾ ਹੈ ਪਰ ਸਕੂਲ ਵੱਲੋਂ ਸਾਲਾਨਾ ਫੰਡ ਵੱਖਰੇ ਨਹੀਂ ਮੰਗੇ ਜਾ ਰਹੇ ਸਗੋਂ ਸਕੂਲ ਨੇ ਸਾਲਾਨਾ ਫੰਡ, ਟਿਊਸ਼ਨ ਫੀਸਾਂ ਤੇ ਹੋਰ ਫੀਸਾਂ ਨੂੰ ਜੋੜ ਲਿਆ ਹੈ ਤੇ ਉਸ ਨੂੰ ਸਾਲ ਦੀ ਫੀਸ ਬਣਾ ਕੇ ਤਿਮਾਹੀ ਫੀਸ ਕੱਢ ਲਈ ਹੈ ਤੇ ਉਹੀ ਤਿਮਾਹੀ ਫੀਸ ਮਾਪਿਆਂ ਕੋਲੋਂ ਮੰਗੀ ਜਾ ਰਹੀ ਹੈ। ਇਸ ਤੋਂ ਇਲਾਵਾ ਸੈਕਟਰ-22, 40 ਤੇ 43 ਦੇ ਸਕੂਲ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ ਵਿੱਚ ਨਹੀਂ ਭੇਜ ਰਹੇ ਜਿਸ ਕਾਰਨ ਮਾਪੇ ਪ੍ਰੇਸ਼ਾਨ ਹਨ। ਸੈਕਟਰ-37 ਦੇ ਸਕੂਲ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਸਕੂਲ ਇਸ ਸਾਲ ਦੀ ਪੂਰੀ ਫ਼ੀਸ ਮੰਗ ਰਿਹਾ ਹੈ ਪਰ ਉਹ ਪੂਰੀ ਫੀਸ ਨਹੀਂ ਦੇ ਰਹੇ ਜਿਸ ਕਾਰਨ ਬੱਚੇ ਦਾ ਅਗਲੀ ਜਮਾਤ ਵਿਚ ਦਾਖਲਾ ਨਹੀਂ ਕੀਤਾ ਜਾ ਰਿਹਾ।
ਸਕੱਤਰੇਤ ਵਿੱਚ ਮਾਪੇ ਡਾਇਰੈਕਟਰ ਨੂੰ ਮਿਲੇ
ਸਕੱਤਰੇਤ ਵਿੱਚ ਅੱਜ ਵੀਹ ਦੇ ਕਰੀਬ ਮਾਪੇ 12 ਅਪਰੈਲ ਨੂੰ ਡਾਇਰੈਕਟਰ ਨੂੰ ਮਿਲੇ। ਡਾਇਰੈਕਟਰ ਨੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਸਕੂਲਾਂ ਵੱਲੋਂ ਵਸੂਲੇ ਫੰਡਾਂ ਬਾਰੇ ਜਲਦੀ ਫੈਸਲਾ ਕੀਤਾ ਜਾਵੇਗਾ। ਮਾਪਿਆਂ ਨੇ ਦੱਸਿਆ ਕਿ ਸਕੂਲ ਮਾਪਿਆਂ ਨੂੰ ਰਾਜਸਥਾਨ ਸਕੂਲਾਂ ਦੇ ਸੁਪਰੀਮ ਕੋਰਟ ਦੇ ਹੁਕਮ ਦਾ ਹਵਾਲਾ ਦੇ ਕੇ ਪੂਰੀਆਂ ਫੀਸਾਂ ਮੰਗ ਰਹੇ ਹਨ। ਸਰਵਉਚ ਅਦਾਲਤ ਨੇ ਅੰਤਰਿਮ ਫੈਸਲਾ ਸੁਣਾਇਆ ਸੀ ਕਿ ਪ੍ਰਾਈਵੇਟ ਸਕੂਲ ਸੈਸ਼ਨ 2020-21 ਲਈ ਸੌ ਫ਼ੀਸਦੀ ਫ਼ੀਸ ਲੈ ਸਕਦੇ ਹਨ। ਇਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਕਿਹਾ ਕਿ ਇਹ ਹੁਕਮ ਪੰਜਾਬ ਤੇ ਹਰਿਆਣਾ ਵਿੱਚ ਲਾਗੂ ਹੋਣਗੇ। ਨਿੱਜੀ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਕਿਹਾ ਕਿ ਸਕੂਲਾਂ ਦੇ ਆਪਣੇ ਖ਼ਰਚੇ ਹਨ ਤੇ ਉਹ ਬੱਚਿਆਂ ਨੂੰ ਮਿਆਰੀ ਆਨਲਾਈਨ ਸਿੱਖਿਆ ਦੇ ਰਹੇ ਹਨ, ਇਸ ਕਰਕੇ ਮਾਪਿਆਂ ਨੂੰ ਬਣਦੀਆਂ ਫ਼ੀਸਾਂ ਅਦਾ ਕਰਨੀਆਂ ਚਾਹੀਦੀਆਂ ਹਨ। ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਫੀਸ ਮਾਮਲੇ ’ਤੇ ਜਲਦੀ ਹੀ ਫੈਸਲਾ ਕੀਤਾ ਜਾਵੇਗਾ।
ਦੋ ਕਿਲੋ ਗਾਂਜੇ ਸਮੇਤ ਮੁਲਜ਼ਮ ਗ੍ਰਿਫ਼ਤਾਰ
ਪੰਚਕੂਲਾ: ਇੱਥੋਂ ਦੇ ਸੈਕਟਰ-16 ਦੀ ਪੁਲੀਸ ਚੌਕੀ ਨੇ 2 ਕਿਲੋ 400 ਗ੍ਰਾਮ ਗਾਂਜੇ ਸਮੇਤ ਮੁਲਜ਼ਮ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦਾ ਨਾਂ ਸੋਨੂ ਉਰਫ਼ ਟੋਨੀ ਹੈ। ਮੁਲਜ਼ਮ ਸੋਨੂੰ ਖ਼ਿਲਾਫ਼ ਐਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲੀਸ ਨੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਜ਼ਲਮ ਨੂੰ ਦੋ ਦਿਨ ਦੇ ਰਿਮਾਂਡ ਤੇ ਭੇਜ ਦਿੱਤਾ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸਦੇ ਹੋਰ ਕਿਹੜੇ ਕਿਹੜੇ ਸਾਥੀ ਹਨ।