ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 5 ਅਪਰੈਲ
ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਹੁਕਮ ਜਾਰੀ ਕਰ ਕੇ ਸਕੂਲ-ਕਾਲਜ ਬੰਦ ਰੱਖਣ ਦੀ ਮਿਆਦ 10 ਅਪਰੈਲ ਤਕ ਵਧਾ ਦਿੱਤੀ ਹੈ। ਇਸ ਤਾਰੀਖ ਤਕ ਸਕੂਲ ਤਾਂ ਭਾਵੇਂ ਬੰਦ ਰੱਖੇ ਗਏ ਹਨ ਪਰ ਅਧਿਆਪਕ ਆਮ ਵਾਂਗ ਰੋਜ਼ਾਨਾ ਸਕੂਲ ਆਉਣਗੇ। ਡਾਇਰੈਕਟਰ ਸਕੂਲ ਤੇ ਉੱਚ ਸਿੱਖਿਆ ਵਿਭਾਗ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਕਰੋਨਾ ਕੇਸ ਵਧਣ ਕਾਰਨ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਦੇ ਹੁਕਮਾਂ ’ਤੇ ਸਕੂਲ ਤੇ ਕਾਲਜਾਂ ਨੂੰ ਬੰਦ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਤੇ ਪਿਛਲੇ ਮਹੀਨੇ ਸਰਕਾਰੀ ਸਕੂਲਾਂ ਵਿੱਚ ਕਰੋਨਾ ਟੈਸਟ ਕਰਵਾਏ ਗਏ ਸਨ ਜਿਸ ਵਿੱਚ ਕਈ ਅਧਿਆਪਕ ਤੇ ਕੁਝ ਵਿਦਿਆਰਥੀ ਵੀ ਕਰੋਨਾ ਦੀ ਮਾਰ ਹੇਠ ਆ ਗਏ ਸਨ ਜਿਸ ਕਾਰਨ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਚੰਡੀਗੜ੍ਹ ਵਿੱਚ ਵਿੱਦਿਅਕ ਸੰਸਥਾਵਾਂ 10 ਅਪਰੈਲ ਤਕ ਬੰਦ ਰਹਿਣਗੀਆਂ। ਸਕੂਲਾਂ ਨੇ ਅਧਿਆਪਕਾਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਹੈ। ਕਰੋਨਾ ਦੇ ਕੇਸ ਲਗਾਤਾਰ ਵਧਣ ਕਾਰਨ ਚੰਡੀਗੜ੍ਹ ਦੇ ਮੋਹਰੀ ਸਕੂਲ ਭਵਨ ਵਿਦਿਆਲਿਆ ਨੇ ਅੱਜ ਆਪਣੇ ਅਧਿਆਪਕਾਂ ਨੂੰ ਹੁਕਮ ਜਾਰੀ ਕਰ ਕੇ ਘਰ ਤੋਂ ਹੀ ਕੰਮ ਕਰਨ ਲਈ ਕਿਹਾ ਹੈ। ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਅਧਿਆਪਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 6 ਅਪਰੈਲ ਤੋਂ ਅਗਲੇ ਹੁਕਮਾਂ ਤਕ ਘਰ ਤੋਂ ਹੀ ਵਿਦਿਆਰਥੀਆਂ ਦੀਆਂ ਆਨਲਾਈਨ ਜਮਾਤਾਂ ਲੈਣਗੇ। ਇਹ ਵੀ ਪਤਾ ਲੱਗਾ ਹੈ ਕਿ ਸ਼ਹਿਰ ਦੇ ਮੋਹਰੀ ਤਿੰਨ ਸਕੂਲਾਂ ਦੇ ਕਈ ਅਧਿਆਪਕ ਕਰੋਨਾ ਪਾਜ਼ੇਟਿਵ ਮਿਲੇ ਹਨ। ਇਨ੍ਹਾਂ ਸਕੂਲਾਂ ਨੇ ਭਾਵੇਂ ਇਨ੍ਹਾਂ ਅਧਿਆਪਕਾਂ ਨੂੰ ਪਿਛਲੇ ਹਫ਼ਤੇ ਸਕੂਲ ਨਾ ਆਉਣ ਤੇ ਇਕਾਂਤਵਾਸ ਰਹਿਣ ਲਈ ਕਹਿ ਦਿੱਤਾ ਸੀ ਪਰ ਇਹ ਅਧਿਆਪਕ ਲਗਾਤਾਰ ਸਕੂਲ ਆ ਰਹੇ ਸਨ ਜਿਸ ਕਾਰਨ ਹੋਰ ਅਧਿਆਪਕਾਂ ਦੇ ਵੀ ਕਰੋਨਾ ਦੀ ਮਾਰ ਹੇਠ ਆਉਣ ਦਾ ਖਤਰਾ ਵਧ ਗਿਆ ਹੈ। ਦੂਜੇ ਪਾਸੇ ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਘਰ ਤੋਂ ਹੀ ਆਨਲਾਈਨ ਜਮਾਤਾਂ ਲਾਉਣ ਦੇ ਹੁਕਮ ਜਾਰੀ ਕੀਤੇ ਜਾਣ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਪਿਛਲੇ 20 ਦਿਨਾਂ ਤੋਂ 83 ਅਧਿਆਪਕ ਕਰੋਨਾ ਪਾਜ਼ੇਟਿਵ ਆ ਚੁੱਕੇ ਹਨ। ਇੱਥੋਂ ਦੇ ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਲੈਕਚਰਾਰਾਂ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਤੇ ਇੱਥੋਂ ਦੇ ਜ਼ਿਆਦਾਤਰ ਪ੍ਰਾਈਵੇਟ ਕਾਲਜ ਆਪਣੇ ਲੈਕਚਰਾਰਾਂ ਨੂੰ ਕਾਲਜ ਨਹੀਂ ਸੱਦ ਰਹੇ ਤੇ ਘਰੋਂ ਹੀ ਵਿਦਿਆਰਥੀਆਂ ਦੀਆਂ ਆਨਲਾਈਨ ਜਮਾਤਾਂ ਲਾਉਣ ਲਈ ਕਹਿ ਰਹੇ ਹਨ ਪਰ ਸਰਕਾਰੀ ਕਾਲਜਾਂ ਦੇ ਲੈਕਚਰਾਰਾਂ ਨੂੰ ਲਗਾਤਾਰ ਕਾਲਜ ਸੱਦਿਆ ਜਾ ਰਿਹਾ ਹੈ ਜਦਕਿ ਇੱਥੇ ਕਰੋਨਾ ਤੋਂ ਬਚਾਅ ਦੇ ਪੁਖਤਾ ਪ੍ਰਬੰਧ ਨਹੀਂ ਹਨ।