ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 31 ਮਾਰਚ
ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਹੁਕਮ ਜਾਰੀ ਕਰ ਕੇ ਸਕੂਲ-ਕਾਲਜ ਬੰਦ ਰੱਖਣ ਦੀ ਮਿਆਦ 5 ਅਪਰੈਲ ਤਕ ਵਧਾ ਦਿੱਤੀ ਹੈ। ਇਸ ਤਾਰੀਖ ਤਕ ਸਕੂਲ ਤਾਂ ਭਾਵੇਂ ਬੰਦ ਰੱਖੇ ਗਏ ਹਨ ਪਰ ਅਧਿਆਪਕ ਆਮ ਵਾਂਗ ਰੋਜ਼ਾਨਾ ਸਕੂਲ ਆਉਣਗੇ। ਦੂਜੇ ਪਾਸੇ ਵਿਭਾਗ ਨੇ 9ਵੀਂ ਤੇ 11ਵੀਂ ਦੀਆਂ ਰਹਿੰਦੀਆਂ ਪ੍ਰੀਖਿਆਵਾਂ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ ਜਿਸ ਕਾਰਨ ਵਿਦਿਆਰਥੀ ਤੇ ਮਾਪੇ ਪ੍ਰੇਸ਼ਾਨ ਹਨ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਚ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਤੇ ਪਿਛਲੇ ਹਫ਼ਤੇ ਸਰਕਾਰੀ ਸਕੂਲਾਂ ਵਿੱਚ ਕਰੋਨਾ ਟੈਸਟ ਕਰਵਾਏ ਗਏ ਸਨ ਜਿਸ ਵਿੱਚ ਕਈ ਅਧਿਆਪਕ ਤੇ ਕੁਝ ਵਿਦਿਆਰਥੀ ਵੀ ਕਰੋਨਾ ਦੀ ਮਾਰ ਹੇਠ ਆ ਗਏ ਸਨ ਜਿਸ ਕਾਰਨ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਚੰਡੀਗੜ੍ਹ ਵਿੱਚ ਵਿੱਦਿਅਕ ਸੰਸਥਾਵਾਂ ਪੰਜ ਅਪਰੈਲ ਤਕ ਬੰਦ ਰਹਿਣਗੀਆਂ।
ਇਹ ਵੀ ਪਤਾ ਲੱਗਾ ਹੈ ਕਿ ਵਿਭਾਗ ਨੇ ਅੱਠਵੀਂ ਜਮਾਤ ਤਕ ਦੀਆਂ ਪ੍ਰੀਖਿਆਵਾਂ ਲੈ ਲਈਆਂ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਅਧਿਆਪਕਾਂ ਨੂੰ ਇਨ੍ਹਾਂ ਜਮਾਤਾਂ ਦਾ ਨਤੀਜਾ ਤਿਆਰ ਕਰਨ ਲਈ ਕਿਹਾ ਹੈ। ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਅਧਿਆਪਕਾਂ ਨੂੰ ਸਕੂਲ ਆ ਕੇ ਹੀ ਨਤੀਜਾ ਤਿਆ ਕਰਨ ਲਈ ਕਿਹਾ ਗਿਆ ਹੈ। ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਸਕੂਲ ਤੇ ਕਾਲਜਾਂ ਨੂੰ ਪੰਜ ਤਕ ਬੰਦ ਰੱਖਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਦੇ ਲਗਾਤਾਰ ਆ ਰਹੇ ਕੇਸਾਂ ਕਾਰਨ ਅਧਿਆਪਕਾਂ ਨੂੰ ਵੀ ਕੁਝ ਦਿਨਾਂ ਲਈ ਛੁੱਟੀ ਦਿੱਤੀ ਜਾਵੇ।
ਵਿਭਾਗ ਨੇ ਸਕੂਲ ਮੁਖੀਆਂ ਜ਼ਰੀਏ ਜ਼ੁਬਾਨੀ ਹੁਕਮ ਵੀ ਦਿੱਤੇ ਹਨ ਕਿ ਜਦੋਂ ਵੀ ਕਿਸੇ ਵਿਦਿਆਰਥੀ ਨੂੰ ਅਧਿਆਪਕਾਂ ਦੀ ਲੋੜ ਹੋਵੇਗੀ ਤਾਂ ਅਧਿਆਪਕ ਸੋਸ਼ਲ ਮੀਡੀਆ ਜਾਂ ਫੋਨ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਅਤ ਕਰਨਗੇ। ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਰਹਿੰਦੀਆਂ ਪ੍ਰੀਖਿਆਵਾਂ ਸਬੰਧੀ ਅਗਲੇ ਹਫਤੇ ਫ਼ੈਸਲਾ ਕੀਤਾ ਜਾਵੇਗਾ।
9ਵੀਂ ਦੇ ਤਿੰਨ ਅਤੇ 11ਵੀਂ ਦੇ ਚਾਰ ਪੇਪਰ ਬਕਾਇਆ
ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 28 ਮਾਰਚ ਤੱਕ ਮੁਕੰਮਲ ਕਰਨੀਆਂ ਸਨ ਪਰ ਕਰੋਨਾ ਕੇਸ ਵਧਣ ਕਾਰਨ 22 ਮਾਰਚ ਨੂੰ ਸਕੂਲ ਤੇ ਕਾਲਜ ਬੰਦ ਕਰਨ ਦਾ ਫੈਸਲਾ ਲਿਆ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ 9ਵੀਂ ਜਮਾਤ ਦੀਆਂ ਤਿੰਨ ਤੇ 11ਵੀਂ ਜਮਾਤ ਦੀਆਂ 4 ਪ੍ਰੀਖਿਆਵਾਂ ਰਹਿੰਦੀਆਂ ਹਨ। ਇਹ ਗਿਣਤੀ ਵਿਭਾਗ ਵੱਲੋਂ ਜਾਰੀ ਕੀਤੀ ਡੇਟਸ਼ੀਟ ਅਨੁਸਾਰ ਹੈ ਪਰ ਕਈ ਸਕੂਲਾਂ ਨੂੰ ਆਪਣੇ ਪੱਧਰ ’ਤੇ ਡੇਟਸ਼ੀਟ ਤਿਆਰ ਕਰਨ ਲਈ ਕਿਹਾ ਗਿਆ ਸੀ ਜਿਸ ਕਾਰਨ ਇਨ੍ਹਾਂ ਜਮਾਤਾਂ ਵਿੱਚ ਰਹਿੰਦੀਆਂ ਪ੍ਰੀਖਿਆਵਾਂ ਦੀ ਗਿਣਤੀ ਵਧ ਵੀ ਸਕਦੀ ਹੈ।
ਸਕੂਲਾਂ ਦੇ ਫੋਨ ਬੰਦ; ਮਾਪੇ ਰੋਜ਼ਾਨਾ ਕਰ ਰਹੇ ਹਨ ਫੋਨ
ਇਸ ਵੇਲੇ ਸਕੂਲ ਬੰਦ ਹਨ ਪਰ ਸਟਾਫ ਆਮ ਵਾਂਗ ਆ ਰਿਹਾ ਹੈ। ਇੱਥੋਂ ਦੇ ਦੱਖਣੀ ਹਿੱਸੇ ਦੇ ਕਈ ਸਰਕਾਰੀ ਸਕੂਲਾਂ ਦੇ ਫੋਨ ਖਰਾਬ ਪਏ ਹਨ ਜਿਸ ਕਾਰਨ ਮਾਪੇ ਰਹਿੰਦੀਆਂ ਪ੍ਰੀਖਿਆਵਾਂ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਖੁਆਰ ਹੋ ਰਹੇ ਹਨ। ਸੈਕਟਰ-47 ਦੇ ਇੱਕ ਸਕੂਲ ਵਿਚ ਪੜ੍ਹਦੇ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਬੱਚੇ ਦੇ 9ਵੀਂ ਦੇ ਪੇਪਰ ਰਹਿੰਦੇ ਹਨ ਪਰ ਪ੍ਰੀਖਿਆਵਾਂ ਸਬੰਧੀ ਕੋਈ ਹਦਾਇਤਾਂ ਨਹੀਂ ਆਈਆਂ। ਉਨ੍ਹਾਂ ਮੰਗ ਕੀਤੀ ਕਿ ਵਿਭਾਗ ਸਭ ਤੋਂ ਪਹਿਲਾਂ ਬਕਾਇਆ ਰਹਿੰਦੀਆਂ ਪ੍ਰੀਖਿਆਵਾਂ ਬਾਰੇ ਫ਼ੈਸਲਾ ਕਰੇ।