ਹਰਜੀਤ ਸਿੰਘ
ਜ਼ੀਰਕਪੁਰ, 6 ਜੁਲਾਈ
ਇਸ ਖੇਤਰ ਵਿੱਚ ਸਵੇਰ ਵੇਲੇ ਪਏ ਭਾਰੀ ਮੀਂਹ ਕਾਰਨ ਇਥੇ ਭਬਾਤ ਸੜਕ ’ਤੇ ਪਾਣੀ ਭਰ ਜਾਣ ਕਾਰਨ ਇੱਕ ਸਕੂਲ ਬੱਸ ਸੜਕ ਕਿਨਾਰੇ ਬਣੇ ਨਾਲੇ ਵਿੱਚ ਤਿਲਕ ਕੇ ਡਿੱਗ ਪਈ। ਘਟਨਾ ਵੇਲੇ ਬੱਸ ਵਿੱਚ 10 ਬੱਚੇ ਸਵਾਰ ਸਨ, ਜੋ ਵਾਲ-ਵਾਲ ਬਚ ਗਏ ਹਨ। ਪ੍ਰਤੱਖਦਰਸ਼ੀਆਂ ਨੇ ਬੱਸ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਿਆ।
ਬੱਸ ਡਰਾਈਵਰ ਜਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ ਸੱਤ ਵਜੇ ਉਹ ਬੱਚਿਆਂ ਨੂੰ ਲੈਣ ਲਈ ਭਬਾਤ ਸੜਕ ਤੋਂ ਸ਼ਿਵਾਲਿਕ ਵਿਹਾਰ ਵੱਲ ਜਾ ਰਿਹਾ ਸੀ। ਤੇਜ਼ ਮੀਂਹ ਕਾਰਨ ਸੜਕ ’ਤੇ ਪਾਣੀ ਇੰਨਾ ਭਰ ਗਿਆ ਕਿ ਉਸ ਨੂੰ ਸੜਕ ਕੰਢੇ ਬਣਿਆ ਨਾਲਾ ਦਿਖਾਈ ਨਾ ਦਿੱਤਾ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇੱਕ ਕਾਰ ਨੂੰ ਲਾਂਘਾ ਦੇਣ ਲਈ ਜਦੋਂ ਉਸ ਨੇ ਬੱਸ ਕਿਨਾਰੇ ਵੱਲ ਕੀਤੀ ਤਾਂ ਟਾਈਲਾਂ ਧਸ ਗਈਆਂ ਤੇ ਬੱਸ ਨਾਲੇ ਵਿੱਚ ਡਿੱਗ ਗਈ। ਡਰਾਈਵਰ ਨੇ ਦੱਸਿਆ ਕਿ ਟੇਢੀ ਹੋਈ ਬੱਸ ਵਿੱਚੋਂ ਤੁਰੰਤ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਬੱਚਿਆਂ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਪੂਰੇ ਜ਼ੀਰਕਪੁਰ ਵਿੱਚ ਸੜਕਾਂ ਦੀ ਹਾਲਤ ਖਸਤਾ ਹੈ ਤੇ ਸ਼ਹਿਰ ਵਿੱਚ ਕਿਤੇ ਵੀ ਪਾਣੀ ਦੇ ਨਿਕਾਸੀ ਪ੍ਰਬੰਧ ਠੀਕ ਨਹੀਂ ਹਨ, ਜਿਸ ਕਾਰਨ ਥੋੜ੍ਹਾ ਜਿਹਾ ਮੀਂਹ ਪੈਣ ਮਗਰੋਂ ਸੜਕਾਂ ਛੱਪੜ ਦਾ ਰੂਪ ਧਾਰ ਲੈਂਦੀਆਂ ਹਨ। ਐੱਸਡੀਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਸਕੂਲ ਦੀ ਬੱਸ ਪਲਟਣ ਵਾਲਾ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਨੂੰ ਸਮੱਸਿਆ ਦਾ ਹੱਲ ਕਰਨ ਦੀ ਹਦਾਇਤ ਦਿੱਤੀ ਹੈ।