ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜਨਵਰੀ
ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਵੱਲੋਂ ਵਜ਼ੀਫ਼ਾ ਘੁਟਾਲੇ ਦੇ ਦੋਸ਼ੀਆਂ ਖ਼ਿਲਾਫ਼ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਸ਼ੁਰੂ ਕੀਤੀ ਗਈ ਸੰਕੇਤਕ ਭੁੱਖ ਹੜਤਾਲ 28ਵੇਂ ਦਿਨ ਦਲਿਤ ਮਹਾਪੰਚਾਇਤ ਤੋਂ ਬਾਅਦ ਖਤਮ ਕਰ ਦਿੱਤੀ ਹੈ। ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਦਲਿਤ ਮਹਾਪੰਚਾਇਤ ਵਿੱਚ ਵੱਖ-ਵੱਖ ਮੁੱਦਿਆ ’ਤੇ ਵਿਚਾਰ-ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਹਾ ਪੰਚਾਇਤ ਨੇ ਮੰਗ ਕੀਤੀ ਕਿ ਅਨੁਸੂਚਿਤ ਜਾਤੀਆਂ ਦਾ 1/3 ਹਿੱਸਾ ਯਕੀਨੀ ਬਣਾਇਆ ਜਾਵੇ। ਮਗਨਰੇਗਾ ਵਿੱਚ ਮਜ਼ਦੂਰਾਂ ਦੀ ਮਜ਼ਦੂਰੀ 150 ਦਿਨ ਦੀ ਯਕੀਨੀ ਬਣਾਈ ਜਾਵੇ ਅਤੇ ਸਿੱਖਿਆ ਅਧਿਕਾਰ ਕਾਨੂੰਨ 2011 ਪੰਜਾਬ ਵਿੱਚ ਜਾਰੀ ਨੋਟੀਫਿਕੇਸ਼ ਵਿੱਚ ਤਰਮੀਮ, ਆਊਟਸੋਰਸਿੰਗ ਵਿੱਚ ਰਾਖਵਾਂਕਰਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਵਿਦਿਆਰਥੀਆਂ ਦੀਆਂ ਡਿਗਰੀਆਂ ਅਤੇ ਸਰਟੀਫਿਕੇਟ ਜਾਰੀ ਕਰਨ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ। ਮਹਾ ਪੰਚਾਇਤ ਨੇ ਕਿਹਾ ਕਿ 14 ਅਪਰੈਲ ਤੱਕ ਸਮੱਸਿਆਵਾਂ ਦਾ ਹੱਲ ਅਤੇ ਮੁੱਦਿਆਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਮੁੜ ਸ਼ੁਰੂ ਕੀਤਾ ਜਾਵੇਗਾ। ਰਾਜਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਵਜ਼ੀਫ਼ਾ ਘੁਟਾਲੇ ਦੀ ਸੀਬੀਆਈ ਜਾਂਚ ਕਰਵਾਉਣੀ ਚਾਹੀਦੀ ਹੈ।