ਕੁਲਦੀਪ ਸਿੰਘ
ਚੰਡੀਗੜ੍ਹ, 8 ਜਨਵਰੀ
ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀਆਂ ਨੇ ਅੱਜ ਸੈਕਟਰ 25 ਚੰਡੀਗੜ੍ਹ ਦੇ ਰੈਲੀ ਗਰਾਊਂਡ ਵਿੱਚ ਭੁੱਖ ਹੜਤਾਲ ਜਾਰੀ ਰੱਖੀ। ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ। ਕੈਂਥ ਨੇ ਦੋਸ਼ ਲਾਇਆ ਕਿ ਮਨਪ੍ਰੀਤ ਸਿੰਘ ਬਾਦਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਫੰਡਾਂ ਵਿੱਚ ਤਬਦੀਲੀ ਲਈ ਜ਼ਿੰਮੇਵਾਰ ਹਨ। ਵਿੱਤ ਮੰਤਰਾਲੇ ਦੀ ਮੁਕੰਮਲ ਅਯੋਗਤਾ ਦੇ ਨਤੀਜੇ ਵਜੋਂ ਅਨੁਸੂਚਿਤ ਜਾਤੀਆਂ, ਹੋਰ ਪੱਛੜੇ ਵਰਗਾਂ ਅਤੇ ਹਾਸ਼ੀਏ ਵਾਲੇ ਭਾਈਚਾਰਿਆਂ ਦੇ ਭਲਾਈ ਫੰਡਾਂ ਦੀ ਦੁਰਵਰਤੋਂ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਅਤੇ ਸਾਧੂ ਸਿੰਘ ਧਰਮਸੋਤ ਕੇਵਲ ਸਾਡੇ ਸਮਾਜ ਦੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰਨ ਲਈ ਜ਼ਿੰਮੇਵਾਰ ਹਨ। ਤਿੰਨ ਲੱਖ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਦਾਖਿਲੇ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਪਿਛਲੇ 4 ਸਾਲ ਤੋਂ 7 ਲੱਖ ਵਿਦਿਆਰਥੀਆਂ ਨੂੰ ਜਾਣ-ਬੁੱਝ ਕੇ ਡਿਗਰੀਆਂ / ਸਰਟੀਫਿਕੇਟ ਨਹੀਂ ਦਿੱਤੇ ਗਏ। ਇਸ ਮੌਕੇ ਲੇਖਰਾਜ ਸ਼ਰਮਾ ਸਾਬਕਾ ਚੇਅਰਮੈਨ, ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਜਸਦੀਪ ਸਿੰਘ ਕੰਬੋਜ ਪ੍ਰਧਾਨ, ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ, ਐਡਵੋਕੇਟ ਰਵਨੀਤ ਸਿੰਘ ਜੋਸ਼ੀ, ਐਡਵੋਕੇਟ ਮੋਹਿਤ ਭਾਰਦਵਾਜ ਨੇ ਅੱਜ ਪ੍ਰਦਰਸ਼ਨ ਦੀ ਹਮਾਇਤ ਕੀਤੀ ਅਤੇ ਕਿਹਾ ਕਿ ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਤੋਂ ਪ੍ਰਭਾਵਿਤ ਵਿਦਿਆਰਥੀਆਂ ਲਈ ਕੇਸਾਂ ਦੀ ਮੁਫ਼ਤ ਪੈਰਵਾਈ ਕੀਤੀ ਜਾਵੇਗੀ। ਕੈਂਥ ਨੇ ਕਿਹਾ ਕਿ ਹੋਰ ਭਾਈਚਾਰਕ ਸੰਗਠਨਾਂ ਨੇ ਦੂਜੀਆਂ ਸੰਸਥਾਵਾਂ ਨੂੰ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਅਤੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਦੇ ਅਕਾਦਮਿਕ ਭਵਿੱਖ ਨੂੰ ਬਚਾਉਣ ਲਈ ਸੱਦਾ ਦਿੱਤਾ।
ਇਸ ਮੌਕੇ ਰਾਂਝਾ ਬਖਸ਼ੀ, ਪ੍ਰਧਾਨ ਬਾਜ਼ੀਗਰ ਸੰਗਠਨ, ਸੰਜੀਵ ਕੁਮਾਰ ਪ੍ਰਧਾਨ, ਸਤਿਗੁਰੂ ਰਵਿਦਾਸ ਮੰਦਰ, ਸ਼ਕਤੀ ਕਲਿਆਣ ਪ੍ਰਧਾਨ, ਭਗਵਾਨ ਵਾਲਮੀਕਿ ਚੌਕ, ਰਾਜ ਕੁਮਾਰ ਭਗਤ ਪ੍ਰਧਾਨ, ਸਤਿਗੁਰੂ ਕਬੀਰ ਕਮੇਟੀ, ਨਵ ਨਿਰਮਾਣ ਕ੍ਰਾਂਤੀ ਦਲ ਦੇ ਦਲੀਪ ਸਿੰਘ ਬੁਚਰਾ, ਓਮ ਪ੍ਰਕਾਸ਼ ਕਾਕਾ, ਜਸਵਿੰਦਰ ਸਿੰਘ, ਗੁਰਜੀਤ ਸਿੰਘ ਪਾਤੜਾਂ (ਸਮਾਜ ਸੇਵੀ), ਕਿਰਪਾਲ ਸਿੰਘ, ਰਾਜਵਿੰਦਰ ਸਿੰਘ ਗੱਦੂ, ਜਸਵਿੰਦਰ ਸਿੰਘ ਰਾਹੀ, ਗੁਰਸੇਵਕ ਸਿੰਘ, ਜਗਸੀਰ ਸਿੰਘ, ਅਵਤਾਰ ਸਿੰਘ, ਗੁਰਬਾਜ ਸਿੰਘ, ਬਲਵਿੰਦਰ ਸਿੰਘ, ਹਰਚੰਦ ਸਿੰਘ ਸਾਬਕਾ ਸਰਪੰਚ, ਹਰਭਜਨ ਸਿੰਘ, ਜਸਵੀਰ ਸਿੰਘ, ਬੰਤ ਸਿੰਘ ਤੇ ਸੁਖਵਿੰਦਰ ਸਿੰਘ ਸ਼ਾਮਲ ਹੋਏ।