ਕਰਮਜੀਤ ਸਿੰਘ ਚਿੱਲਾ
ਬਨੂੜ, 19 ਅਕਤੂਬਰ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੇ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20(5) ਅਧੀਨ ਪਿੰਡ ਮਨੌਲੀ ਸੂਰਤ ਦੇ ਸਰਪੰਚ ਨੈਬ ਸਿੰਘ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤਾ ਗਿਆ ਸਰਪੰਚ ਨੈਬ ਸਿੰਘ ਕਾਂਗਰਸ ਪਾਰਟੀ ਦਾ ਸੀਨੀਅਰ ਆਗੂ ਅਤੇ ਪਾਰਟੀ ਦੀ ਬਨੂੜ ਦਿਹਾਤੀ ਇਕਾਈ ਦਾ ਪ੍ਰਧਾਨ ਹੈ। ਉਸ ਦੀ ਪਤਨੀ ਗੁਰਵਿੰਦਰ ਕੌਰ ਵੀ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਪਰਿਸ਼ਦ ਮੈਂਬਰ ਹੈ।
ਪੰਚਾਇਤ ਵਿਭਾਗ ਦੇ ਡਾਇਰੈਕਟਰ ਵੱਲੋਂ ਇਹ ਕਾਰਵਾਈ ਬੀਡੀਪੀਓ ਰਾਜਪੁਰਾ ਅਤੇ ਡੀਡੀਪੀਓ ਪਟਿਆਲਾ ਵੱਲੋਂ ਭੇਜੀ ਰਿਪੋਰਟ ਮਗਰੋਂ ਕੀਤੀ ਗਈ ਹੈ। ਡਾਇਰੈਕਟਰ ਵੱਲੋਂ ਮੁਅੱਤਲ ਕੀਤੇ ਸਰਪੰਚ ਦਾ ਨਿੱਜੀ ਤੌਰ ਉੱਤੇ ਪੱਖ ਵੀ ਸੁਣਿਆ, ਜਿਸ ਵਿੱਚ ਸਰਪੰਚ ਨੇ ਦਰੱਖਤ ਹਨੇਰੀ ਨਾਲ ਡਿੱਗਣ ਦੀ ਗੱਲ ਆਖੀ ਸੀ। ਡਾਇਰੈਕਟਰ ਨੇ ਬੀਡੀਪੀਓ ਤੇ ਡੀਡੀਪੀਓ ਦੀ ਰਿਪੋੋਰਟਾਂ ਨੂੰ ਦਰੁੱਸਤ ਮੰਨਿਆ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਦਰੱਖਤ ਹਨੇਰੀ ਨਾਲ ਡਿੱਗੇ ਹੋਏ ਨਹੀਂ ਜਾਪਦੇ। ਇਸ ਮਗਰੋਂ ਉਨ੍ਹਾਂ ਸਰਪੰਚ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਬੀਡੀਪੀਓ ਰਾਜਪੁਰਾ ਨੂੰ ਸਰਪੰਚ ਦੇ ਨਾਂ ਉੱਤੇ ਚੱਲਦੇ ਸਾਰੇ ਬੈਂਕ ਖਾਤੇ ਸੀਲ ਕਰਨ, ਪੰਚਾਇਤ ਦਾ ਰਿਕਾਰਡ ਕਬਜ਼ੇ ਵਿੱਚ ਲੈਣ ਅਤੇ ਪਿੰਡ ਦੇ ਪੰਚਾਇਤ ਮੈਂਬਰਾਂ ਵਿੱਚੋਂ ਅਧਿਕਾਰਤ ਪੰਚ ਦੀ ਚੋਣ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।
ਪਿੰਡ ਦੇ ਵਸਨੀਕ ਗੁਰਮੀਤ ਸਿੰਘ, ਹਰੀ ਸਿੰਘ ਫੌਜੀ, ਗੁਰਮੇਲ ਸਿੰਘ ਮਿੱਠੂ, ਸ਼ੇਰ ਸਿੰਘ ਕਾਲਾ ਆਦਿ ਵੱਲੋਂ 14 ਦਸੰਬਰ ਨੂੰ ਸ਼ਮਸ਼ਾਨਘਾਟ ਵਿੱਚੋਂ ਕਟਾਏ ਦਰੱਖਤਾਂ ਦੀ ਪੰਚਾਇਤ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਸੀ। ਪਿੰਡ ਦੇ ਵਸਨੀਕਾਂ ਨੇ ਉਦੋਂ ਕੁੱਝ ਦਰੱਖਤਾਂ ਦੀ ਕਟਾਈ ਰੋਕ ਵੀ ਦਿੱਤੀ ਸੀ ਤੇ ਕੱਟੇ ਹੋਏ ਦਰੱਖਤਾਂ ਨੂੰ ਚੁੱਕਣ ਵੀ ਨਹੀਂ ਸੀ ਦਿੱਤਾ। ਇਸ ਮਾਮਲੇ ਦੀ ਪੜਤਾਲ ਚੱਲ ਰਹੀ ਸੀ। ਪਿੰਡ ਵਾਸੀਆਂ ਨੇ ਸਰਪੰਚ ਨੈਬ ਸਿੰਘ ਖ਼ਿਲਾਫ਼ ਕੀਤੀਆਂ ਗਈਆਂ ਹੋਰ ਸ਼ਿਕਾਇਤਾਂ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ।
ਸਿਆਸੀ ਦਬਾਅ ਅਧੀਨ ਕਾਰਵਾਈ ਹੋਈ: ਨੈਬ ਸਿੰਘ
ਪਿੰਡ ਮਨੌਲੀ ਸੂਰਤ ਦੇ ਮੁਅੱਤਲ ਕੀਤੇ ਸਰਪੰਚ ਨੈਬ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਸਿਆਸੀ ਦਬਾਅ ਅਧੀਨ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦਰੱਖਤ ਨਹੀਂ ਕਟਾਏ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਹੋਣ ਕਾਰਨ ਉਨ੍ਹਾਂ ਵਿਰੁੱਧ ਕਾਰਵਾਈ ਹੋਈ ਹੈ। ਉਹ ਇਸ ਸਬੰਧੀ ਐਫ਼ਸੀ ਕੋਲ ਅਪੀਲ ਕਰਨਗੇ ਅਤੇ ਜੇ ਲੋੜ ਪਈ ਤਾਂ ਹਾਈ ਕੋਰਟ ਜਾਣਗੇ। ਉਨ੍ਹਾਂ ਕਿਹਾ ਕਿ ਸਮੁੱਚੇ ਪਿੰਡ ਦੇ ਵਸਨੀਕ ਉਨ੍ਹਾਂ ਦੇ ਨਾਲ ਹਨ ਤੇ ਉਨ੍ਹਾਂ ਨੂੰ ਇਨਸਾਫ਼ ਮਿਲੇਗਾ।