ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 1 ਸਤੰਬਰ
ਪਿੰਡ ਕੁਰੜਾ ਦੇ ਨੰਬਰਦਾਰ ਜਗਦੀਸ਼ ਸਿੰਘ ਅਤੇ ਜਸਵੀਰ ਸਿੰਘ ਨੇ ਪਿੰਡ ਦੇ ਸਰਪੰਚ ਦਵਿੰਦਰ ਸਿੰਘ ’ਤੇ ਉਨ੍ਹਾਂ ਦੇ ਕਬਜ਼ੇ ਹੇਠਲੀ ਜ਼ਮੀਨ ’ਚੋਂ ਅਦਾਲਤੀ ਅਤੇ ਵਿਭਾਗੀ ਸਟੇਅ ਦੇ ਬਾਵਜੂਦ ਦਰੱਖਤ ਅਤੇ ਨੀਂਹ ਪੁਟਾਏ ਜਾਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਵਿਭਾਗ ਦੇ ਬੀਡੀਪੀਓ ’ਤੇ ਵੀ ਦਰਖਾਸਤਾਂ ਦੇਣ ਦੇ ਬਾਵਜੂਦ ਦੋ ਹਫ਼ਤੇ ਦੌਰਾਨ ਮੌਕਾ ਨਾ ਵੇਖਣ ਅਤੇ ਇਨਸਾਫ਼ ਨਾ ਦੇਣ ਦਾ ਦੋਸ਼ ਲਾਇਆ ਹੈ।
ਉਨ੍ਹਾਂ ਕਿਹਾ ਕਿ ਪਿੰਡ ਦੀ ਵਿਵਾਦਗ੍ਰਸਤ 46 ਕਨਾਲ ਜ਼ਮੀਨ ’ਚੋਂ 14 ਕਨਾਲ ਜ਼ਮੀਨ ਉਨ੍ਹਾਂ ਦੇ ਕਬਜ਼ੇ ਹੇਠਲੀ ਸੀ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪਟੀਸ਼ਨ ਨੰਬਰ 15453/2018 ਤਹਿਤ ਉਨ੍ਹਾਂ ਦੇ ਹੱਕ ਵਿੱਚ ਸਟੇਅ ਆਰਡਰ ਜਾਰੀ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤ ਵੱਲੋਂ ਜੇਡੀਸੀ ਦੇ ਫ਼ੈਸਲੇ ਦੇ ਖ਼ਿਲਾਫ਼ ਹਾਈਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ ਤੇ ਇਹ ਸਾਰਾ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ।
ਉਨ੍ਹਾਂ ਕਿਹਾ ਕਿ ਸਰਪੰਚ ਨੇ ਸਬੰਧਤ ਵਿਵਾਦਗ੍ਰਸਤ ਥਾਂ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਚਹੇਤਿਆਂ ਦੇ ਵੀ ਕਬਜ਼ੇ ਕਰਵਾਏ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਅਦਾਲਤੀ ਤੇ ਵਿਭਾਗੀ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਸਰਪੰਚ ਨੇ ਦੋਸ਼ ਨਕਾਰੇ
ਪਿੰਡ ਕੁਰੜਾ ਦੇ ਸਰਪੰਚ ਦਵਿੰਦਰ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿ ਸਬੰਧਤ ਥਾਂ ਪੰਚਾਇਤੀ ਟੋਭੇ ਦੀ ਹੈ ਤੇ ਜਿਹੜੀ ਥਾਂ ’ਤੇ ਟੋਭੇ ਦੀ ਚਾਰ ਦੀਵਾਰੀ ਕਰਨ ਲਈ ਨੀਂਹ ਪੁੱਟੀ ਗਈ ਹੈ, ਉਸ ਉੱਤੇ ਕੋਈ ਸਟੇਅ ਨਹੀਂ ਹੈ। ਉਨ੍ਹਾਂ ਕਿਹਾ ਕਿ ਸਬੰਧਿਤ ਪਰਿਵਾਰਾਂ ਦੀ ਸਟੇਅ ਰੱਦ ਹੋ ਚੁੱਕੀ ਹੈ ਤੇ ਪੰਚਾਇਤ ਨੇ ਨਿਯਮਾਂ ਅਨੁਸਾਰ ਹੀ ਸਾਰਾ ਕੁੱਝ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਕੀ ਪਰਿਵਾਰਾਂ ਦੇ ਚਾਲੀ ਸਾਲ ਪੁਰਾਣੇ ਮਕਾਨ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਉਨ੍ਹਾਂ ਨੇ ਕੋਈ ਕਬਜ਼ਾ ਨਹੀਂ ਕਰਾਇਆ।