ਪੱਤਰ ਪ੍ਰੇਰਕ
ਬਸੀ ਪਠਾਣਾਂ/ਫ਼ਤਹਿਗੜ੍ਹ ਸਾਹਿਬ, 12 ਸਤੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਾਰਾਗੜ੍ਹੀ ਦੇ ਮਹਾਨ ਸ਼ਹੀਦਾਂ ਦੀ ਬਹਾਦਰੀ ਦੀ ਗਾਥਾ ਨੂੰ ਸਕੂਲਾਂ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 12 ਸਤੰਬਰ 1897 ਨੂੰ ਅਜੋਕੇ ਪਾਕਿਸਤਾਨ ਦੇ ਉੱਤਰ-ਪੱਛਮ ਸਰਹੱਦੀ ਪ੍ਰਾਂਤ ਦੇ ਤੀਰਾਹ ਇਲਾਕੇ ਦੇ ਸਾਰਾਗੜ੍ਹੀ ਵਿਚ ਬੜੀ ਬਹਾਦਰੀ ਨਾਲ 36ਵੀਂ ਸਿੱਖ ਬਟਾਲੀਅਨ (ਜੋ ਅੱਜ 4 ਸਿੱਖ ਬਟਾਲੀਅਨ ਵਜੋਂ ਜਾਣੀ ਜਾਂਦੀ ਹੈ ) ਦੇ 21 ਸਿੱਖ ਸਿਪਾਹੀਆਂ ਨੇ ਹੌਲਦਾਰ ਈਸ਼ਰ ਸਿੰਘ ਦੀ ਕਮਾਨ ਹੇਠ 10 ਹਜ਼ਾਰ ਦੇ ਕਰੀਬ ਕਬਾਇਲੀਆਂ ਨਾਲ ਜੰਗ ਲੜੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਅਤੇ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਵਿੱਚ ਸਾਰਾਗੜ੍ਹੀ ਦੇ ਮਹਾਨ ਸ਼ਹੀਦਾਂ ਦੀ ਗਾਥਾ ਨੂੰ ਪੜ੍ਹਾਇਆ ਜਾਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗ ਸਕੇ।