ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 21 ਮਈ
ਬਾਊਂਸਰ ਸੁਰਜੀਤ ਹੱਤਿਆ ਕਾਂਡ ਦੇ ਮਾਮਲੇ ’ਚ ਚੰਡੀਗੜ੍ਹ ਪੁਲੀਸ ਨੇ ਪੁੱਛਗਿੱਛ ਲਈ ਸੰਜੀਵ ਮਹਾਜਨ ਨੂੰ ਅੱਜ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ ਹੈ। ਇਥੋਂ ਦੇ ਸੈਕਟਰ 37 ਦੀ ਇੱਕ ਕੋਠੀ ਦੇ ਮਾਲਕ ਨੂੰ ਅਗਵਾ ਕਰਨ ਅਤੇ ਕੋਠੀ ’ਤੇ ਕਬਜ਼ਾ ਕਰਨ ਦੇ ਮਾਮਲੇ ਵਿੱਚ ਕਥਿਤ ਮੁਲਜ਼ਮ ਸੰਜੀਵ ਮਹਾਜਨ ਹਵਾਲਾਤ ਵਿੱਚ ਬੰਦ ਹੈ। ਪਿਛਲੇ ਸਾਲ ਮਾਰਚ 2020 ਨੂੰ ਇਥੋਂ ਦੇ ਸੈਕਟਰ 38 ਦੇ ਚੌਕ ਨੇੜੇ ਬਾਊਂਸਰ ਸੁਰਜੀਤ ਦੀ ਮੋਟਰਸਾਈਕਲ ਸਵਾਰ ਅਣਪਛਾਤੇ ਮੁਲਜ਼ਮਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਗਈ ਸੀ। ਕੋਠੀ ਕਾਂਡ ਨੂੰ ਲੈ ਕੇ ਦਰਜ ਐਫਆਈਆਰ ਵਿੱਚ ਬਾਊਂਸਰ ਸੁਰਜੀਤ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਬਾਊਂਸਰ ਸੁਰਜੀਤ ਦੀ ਪਤਨੀ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸੁਰਜੀਤ ਦੇ ਕਤਲ ਵਿੱਚ ਸੰਜੀਵ ਮਹਾਜਨ ਦਾ ਹੱਥ ਹੋ ਸਕਦਾ ਹੈ। ਇਸ ਗੱਲ ਨੂੰ ਆਧਾਰ ਬਣਾ ਕੇ ਪੁਲੀਸ ਵਲੋਂ ਸੰਜੀਵ ਮਹਾਜਨ ਤੋਂ ਪੁੱਛਗਿੱਛ ਕਰਨ ਲਈ ਅੱਜ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ ਗਿਆ। ਮੁਲਜ਼ਮ ਸੰਜੀਵ ਮਹਾਜਨ ਦੀ ਅਗਲੀ ਪੇਸ਼ੀ 23 ਮਈ ਨੂੰ ਹੋਵੇਗੀ।
ਦੱਸਣਯੋਗ ਹੈ ਕਿ ਚੰਡੀਗੜ੍ਹ ਪੁਲੀਸ ਨੇ ਸੈਕਟਰ 37 ਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੜਪਣ ਦੇ ਮਾਮਲੇ ਵਿੱਚ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੋਣ ਵਾਲੇ ਇਕ ਰੋਜ਼ਾਨਾ ਅਖਬਾਰ ਦੇ ਸੀਨੀਅਰ ਪੱਤਰਕਾਰ ਸੰਜੀਵ ਮਹਾਜਨ ਸਮੇਤ 9 ਵਿਅਕਤੀਆਂ ਖਿਲਾਫ ਲਗਪਗ 15 ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਸੀ। ਇਥੋਂ ਦੇ ਸੈਕਟਰ 31 ਦੀ ਥਾਣਾ ਪੁਲੀਸ ਨੇ ਸੰਜੀਵ ਮਹਾਜਨ ਤੋਂ ਇਲਾਵਾ ਸਤਪਾਲ ਡਾਗਰ, ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ, ਖਲੇਂਦਰ ਸਿੰਘ ਕਾਦਿਆਨ, ਅਸ਼ੋਕ ਅਰੋੜਾ, ਸੌਰਭ ਗੁਪਤਾ, ਸ਼ੇਖਰ ਅਤੇ ਦਲਜੀਤ ਸਿੰਘ ਸਮੇਤ ਬਾਊਂਸਰ ਸੁਰਜੀਤ ਸਿੰਘ ਨੂੰ ਮੁਲਜ਼ਮ ਬਣਾਇਆ ਸੀ।
ਕੀ ਕਹਿੰੰਦੇ ਨੇ ਸੰਜੀਵ ਮਹਾਜਨ ਦੇ ਵਕੀਲ ਰਾਜੇਸ਼ ਸ਼ਰਮਾ
ਸੰਜੀਵ ਮਹਾਜਨ ਦੇ ਵਕੀਲ ਰਾਜੇਸ਼ ਸ਼ਰਮਾ ਨੇ ਕਿਹਾ ਕਿ ਸੁਰਜੀਤ ਕਤਲ ਕੇਸ ਦੀ ਜਾਂਚ ਪਹਿਲਾਂ ਤੋਂ ਹੀ ਚੱਲ ਰਹੀ ਹੈ। ਅਜਿਹੇ ਵਿੱਚ ਕੋਠੀ ਨੂੰ ਹੜੱਪਣ ਵਾਲੇ ਕੇਸ ਵਿੱਚ ਮੁਲਜ਼ਮ ਬਣਾਏ ਗਏ ਸੰਜੀਵ ਮਹਾਜਨ ‘ਤੇ ਇਹ ਇਲਜ਼ਾਮ ਇਸ਼ਾਰਾ ਕਰਦਾ ਹੈ ਕਿ ਪੁਲੀਸ ਸੰਜੀਵ ਮਹਾਜਨ ਨੂੰ ਹਵਾਲਾਤ ਤੋਂ ਬਾਹਰ ਆਉਣ ਨਹੀਂ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸੰਜੀਵ ਮਹਾਜਨ ਨੂੰ ਇਸ ਕੇਸ ਵਿੱਚ ਗਲਤ ਫਸਾਇਆ ਜਾ ਰਿਹਾ ਹੈ।
ਦਲਜੀਤ ਸਿੰਘ ਦੀ ਗਿ੍ਰਫ਼ਤਾਰੀ ’ਤੇ ਲੱਗੀ ਰੋਕ
ਸੈਕਟਰ 37 ਕੋਠੀ ਕਾਂਡ ਮਾਮਲੇ ਵਿੱਚ ਫਰਾਰ ਚਲ ਰਹੇ ਇੱਕ ਮੁਲਜ਼ਮ ਨੂੰ ਸਥਾਨਕ ਜ਼ਿਲ੍ਹਾ ਅਦਾਲਤ ਨੇ ਰਾਹਤ ਦਿੰਦਿਆਂ ਗ੍ਰਿਫਤਾਰੀ ’ਤੇ ਰੋਕ ਲਗਾ ਦਿੱਤੀ ਹੈ। ਫਰਾਰ ਚਲ ਰਹੇ ਮੁਲਜ਼ਮ ਦਲਜੀਤ ਸਿੰਘ ਵਲੋਂ ਸਥਾਨਕ ਜ਼ਿਲ੍ਹਾ ਅਦਾਲਤ ਵਿੱਚ ਪੁਲੀਸ ਦੀ ਗ੍ਰਿਫਤਾਰੀ ਤੋਂ ਬਚਣ ਲਈ ਕੀਤੀ ਗਈ ਅਪੀਲ ’ਤੇ ਅੱਜ ਅਦਾਲਤ ਨੇ ਸੁਣਵਾਈ ਕੀਤੀ। ਅਦਾਲਤ ਨੇ ਮੁਲਜ਼ਮ ਦਲਜੀਤ ਸਿੰਘ ਦੀ ਅਪੀਲ ਨੂੰ ਸਵੀਕਾਰ ਕਰਦਿਆਂ 10 ਦਿਨ ਤੱਕ ਮੁਲਜ਼ਮ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਹੈ। ਕੋਠੀ ਹੜੱਪਣ ਦੇ ਮਾਮਲੇ ਵਿੱਚ ਦਲਜੀਤ ਸਿੰਘ ਦੂਜਾ ਮੁਲਜ਼ਮ ਹੈ, ਜਿਸ ਨੂੰ ਅਤਾਲਤ ਨੇ ਰਾਹਤ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਕੇਸ ਵਿੱਚ ਮੁਲਜ਼ਮ ਪ੍ਰਾਪਰਟੀ ਡੀਲਰ ਸੌਰਭ ਗੁਪਤਾ ਦੇ ਵੱਡੇ ਭਰਾ ਮਨੀਸ਼ ਗੁਪਤਾ ਨੂੰ ਹਾਈ ਕੋਰਟ ਵਲੋਂ ਜ਼ਮਾਨਤ ਮਿਲੀ ਹੈ।