ਕੁਰਾਲੀ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਪੰਜਾਬ ਦੇ ਹਿੱਤਾਂ ਵਿੱਚ ਅਜਿਹੇ ਲਾਮਿਸਾਲ ਫ਼ੈਸਲੇ ਕਰ ਰਹੀ, ਜਿਹੜੇ ਹੁਣ ਤੱਕ ਦੀਆਂ ਸਰਕਾਰਾਂ ਨੇ 70 ਸਾਲਾਂ ਵਿੱਚ ਨਹੀਂ ਕੀਤੇ। ਕੁੁਰਾਲੀ ਦੀ ਜੂਹ ਵਿੱਚ ਵਸੇ ਪਿੰਡ ਬੰਨ੍ਹਮਾਜਰਾ ਵਿੱਚ ਟਰਾਂਸਪੋਰਟ ਸੁਸਾਇਟੀ ਦੇ ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਧਵਾਂ ਨੇ ਕਿਹਾ ਕਿ ਹੁਣ ਤੱਕ ਦੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਵਿਰੋਧੀਆਂ ਉਤੇ ਦੋਸ਼ ਹੀ ਲਗਾਉਂਦੀਆਂ ਰਹੀਆਂ ਹਨ ਪਰ ਸੱਤਾ ਵਿੱਚ ਆ ਕੇ ਕਦੇ ਕਿਸੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣਿਆਂ ’ਤੇ ਹੀ ਕੀਤੀ ਕਾਰਵਾਈ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਹੁਣ ਭ੍ਰਿਸ਼ਟਾਚਾਰ ਦਾ ਸਮਾਂ ਪੁੱਗ ਚੁੱਕਾ ਹੈ। ਇਸ ਮੌਕੇ ਸੰਧਵਾਂ ਨੇ ਕਿਹਾ ਕਿ ਟਰਾਂਸਪੋਰਟਰਾਂ ਦੀ ਹੁੰਦੀ ਆ ਰਹੀ ਲੁੱਟ ਨੂੰ ਵੀ ਛੇਤੀ ਹੀ ਨੱਥ ਪਾਈ ਜਾਵੇਗੀ। -ਪੱਤਰ ਪ੍ਰੇਰਕ