ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਦਸੰਬਰ
ਰੌਕ ਗਾਰਡਨ ਦੇ ਨਿਰਮਾਤਾ ਪਦਮਸ੍ਰੀ ਸਵ. ਨੇਕ ਚੰਦ ਦਾ 97ਵਾਂ ਜਨਮ ਦਿਹਾੜਾ ਰੌਕ ਗਾਰਡਨ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਯੂਟੀ ਪ੍ਰਸ਼ਾਸਨ ਦੇ ਗ੍ਰਹਿ ਸਕੱਤਰ ਨਿਤਿਨ ਯਾਦਵ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਵ. ਨੇਕ ਚੰਦ ਦਾ ਪੁੱਤਰ ਅਨੁਜ ਸੈਣੀ ਵੀ ਹਾਜ਼ਰ ਸਨ। ਯੂਟੀ ਪ੍ਰਸ਼ਾਸਨ ਵੱਲੋਂ ਰੌਕ ਗਾਰਡਨ ਨੂੰ ਚੰਗੀ ਤਰ੍ਹਾਂ ਸਜਾਇਆ ਗਿਆ ਸੀ। ਇਸੇ ਦੌਰਾਨ ਨੇਕ ਚੰਦ ਦੀ ਯਾਦ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਸਮਾਗਮ ਕਰਵਾਏ ਗਏ। ਵੇਰਵਿਆਂ ਅਨੁਸਾਰ ਸਕੂਲਾਂ ਵਿੱਚ ਆਰਟ ਐਂਡ ਕਰਾਫਟ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਸੱਭਿਆਚਾਰਕ ਅਤੇ ਖੇਡ ਮੁਕਾਬਲੇ ਵੀ ਹੋਏ। ਇਹ ਸਮਾਗਮ 18 ਦਸੰਬਰ ਤੱਕ ਜਾਰੀ ਰਹਿਣਗੇ।
ਦੱਸਣਯੋਗ ਹੈ ਕਿ ਚੰਡੀਗੜ੍ਹ ਦਾ ਰੌਕ ਗਾਰਡਨ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹੈ ਜਿੱਥੇ ਪੱਥਰਾਂ ਨੂੰ ਤਰਾਸ਼ ਕੇ ਅਜਿਹੀ ਕਲਾਕ੍ਰਿਤੀ ਕੀਤੀ ਗਈ ਹੈ ਜਿਸ ਦੀ ਮਿਸਾਲ ਦੁਨੀਆਂ ਭਰ ਵਿੱਚ ਕਿਸੇ ਹੋਰ ਥਾਂ ’ਤੇ ਨਹੀਂ ਮਿਲਦੀ।