ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਨਵੰਬਰ
ਚੰਡੀਗੜ੍ਹ ਪਲੀਸ ਨੇ 55ਵਾਂ ਸਥਾਪਨਾ ਦਿਵਸ ਸੈਕਟਰ 26 ਸਥਿਤ ਪੁਲੀਸ ਲਾਈਨ ਵਿੱਚ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪਰੋਹਿਤ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਨ੍ਹਾਂ ਨੂੰ ਚੰਡੀਗੜ੍ਹ ਪੁਲੀਸ ਨੇ ਮਾਰਚ ਪਾਸਟ ਕਰ ਕੇ ਸਲਾਮੀ ਦਿੱਤੀ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਡੀਜੀਪੀ ਪਰਵੀਰ ਰੰਜਨ, ਆਈਜੀ ਓਮਬੀਰ ਬਿਸ਼ਨੋਈ, ਐੱਸਐੱਸਪੀ ਕੁਲਦੀਪ ਸਿੰਘ ਚਾਹਿਲ, ਐੱਸਐੱਸਪੀ ਟਰੈਫਿਕ ਮਨੀਸ਼ਾ ਚੌਧਰੀ ਸਣੇ ਵੱਡੀ ਗਿਣਤੀ ਵਿੱਚ ਪੁਲੀਸ ਅਧਿਕਾਰੀ ਹਾਜ਼ਰ ਰਹੇ।
ਪੁਲੀਸ ਦੇ ਸਥਾਪਨਾ ਦਿਵਸ ਮੌਕੇ ਕੱਢੀ ਕੀਤੀ ਗਈ ਪਰੇਡ ਦੀ ਅਗਵਾਈ ਦਿੱਲੀ ਪੁਲੀਸ ਤੋਂ ਡੈਪੂਟੇਸ਼ਨ ਤੋਂ ਆਏ ਆਈਪੀਐੱਸ ਅਧਿਕਾਰੀ ਮ੍ਰਿਦੁਲ ਨੇ ਕੀਤੀ। ਪੁਲੀਸ ਦੀ ਟੁਕੜੀ ਨੇ ਪ੍ਰਸ਼ਾਸਕ ਅਤੇ ਡੀਜੀਪੀ ਨੂੰ ਮਾਰਚ ਪਾਸਟ ਕਰਕੇ ਸਲਾਮੀ ਦਿੱਤੀ। ਸਮਾਗਮ ਵਿੱਚ ਚੰਡੀਗੜ੍ਹ ਪੁਲੀਸ ਦੇ ਸਾਈਬਰ ਸੈੱਲ, ਮਹਿਲਾ ਵਿੰਗ, ਟਰੈਫਿਕ ਵਿੰਗ ਸਣੇ ਹੋਰਨਾਂ ਵਿੰਗਾਂ ਨੇ ਝਾਕੀਆਂ ਦੀ ਪੇਸ਼ਕਾਰੀ ਦਿੱਤੀ। ਡੀਜੀਪੀ ਚੰਡੀਗੜ੍ਹ ਨੇ ਪੁਲੀਸ ਵੱਲੋਂ ਲੋਕਾਂ ਨੂੰ ਦਿੱਤੀ ਜਾਣ ਵਾਲੀਆਂ ਸਹੂਲਤਾਂ ਸਮਾਰਟ ਸਿਟੀ ਪ੍ਰੋਜੈਕਟ, ਈ-ਬੀਟ ਸਿਸਟਮ, ਈ ਸਾਥੀ ਐਪ, ਊਰਜਾ ਐਪ, ਥਾਣਿਆਂ ਨੂੰ ਪੇਪਰ ਮੁਕਤ ਕਰਨ ਸਣੇ ਹੋਰਨਾਂ ਸੇਵਾਵਾਂ ਦੀ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਕਿਹਾ ਕਿ ਪੁਲੀਸ ਲੋਕਾਂ ਦੀ ਸੇਵਾ ਵਿੱਚ 24 ਘੰਟੇ ਤਾਇਨਾਤ ਹੈ। ਇਸ ਦੌਰਾਨ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਲਈ ਪੁਲੀਸ ਅਤੇ ਆਮ ਲੋਕਾਂ ਵਿੱਚ ਸਬੰਧਾਂ ’ਚ ਸੁਧਾਰ ’ਤੇ ਜ਼ੋਰ ਦਿੱਤਾ ਗਿਆ।