ਸੰਜੀਵ ਬੱਬੀ
ਚਮਕੌਰ ਸਾਹਿਬ, 28 ਜੁਲਾਈ
ਪਿੰਡ ਗੱਗੋਂ ਨਜ਼ਦੀਕ ਇੱਕ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਨੇ ਗਲ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਸੂਚਨਾ ਮਿਲਦੇ ਹੀ ਡੀਐੱਸਪੀ (ਡੀ) ਕੁਲਵਿੰਦਰ ਸਿੰਘ, ਡੀਐੱਸਪੀ ਰਾਜੇਸ਼ ਕੁਮਾਰ, ਥਾਣਾ ਮੁਖੀ ਰੁਪਿੰਦਰ ਸਿੰਘ ਪੁਲੀਸ ਸਮੇਤ ਘਟਨਾ ਵਾਲੀ ਥਾਂ ’ਤੇ ਪਹੁੰਚੇ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਜੀਤ ਸਿੰਘ ਵਾਸੀ ਪਿੰਡ ਸਲੇਮਪੁਰ ਦੇ ਪੁੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਉਸ ਦਾ ਪਿਤਾ ਮਨਜੀਤ ਸਿੰਘ ਦਿਮਾਗੀ ਤੌਰ ’ਤੇ ਠੀਕ ਨਹੀਂ ਸੀ ਤੇ ਉਸ ਦਾ ਇਲਾਜ ਚੱਲ ਰਿਹਾ ਸੀ। ਉਸ ਨੇ ਪੁਲੀਸ ਨੂੰ ਦੱਸਿਆ ਕਿ ਪਿਤਾ ਘਰ ਦੇ ਮੇਨ ਗੇਟ ਕੋਲ ਬਣੇ ਕਮਰੇ ਵਿੱਚ ਰਹਿੰਦਾ ਸੀ ਤੇ ਬਾਕੀ ਪਰਿਵਾਰ ਪਿੱਛੇ ਘਰ ਵਿੱਚ ਰਹਿੰਦਾ ਹੈ। ਬੀਤੀ ਰਾਤ 10 ਵਜੇ ਤੱਕ ਉਸ ਦਾ ਪਿਤਾ ਘਰ ਵਿੱਚ ਹੀ ਮੌਜੂਦ ਸੀ ਪਰ ਅੱਜ ਸਵੇਰੇ ਉਹ ਘਰ ਨਹੀਂ ਸੀ। ਪਿੰਡ ਦੇ ਵਿਅਕਤੀਆਂ ਨੇ ਦੱਸਿਆ ਕਿ ਮਨਜੀਤ ਸਿੰਘ ਦੀ ਲਾਸ਼ ਪਿੰਡ ਗੱਗੋਂ ਤੋਂ ਸਮੇਲਪੁਰ ਜਾਣ ਵਾਲੀ ਲਿੰਕ ਰੋਡ ’ਤੇ ਸ਼ਰਾਬ ਦੇ ਠੇਕੇ ਕੋਲ ਖੇਤਾਂ ਦੇ ਕਿਨਾਰੇ ਪਈ ਹੈ। ਉਨ੍ਹਾਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਉਸ ਦੇ ਪਿਤਾ ਦੀ ਲਾਸ਼ ’ਤੇ ਗਲ ਘੋਟ ਕੇ ਮਾਰਨ ਦੇ ਨਿਸ਼ਾਨ ਪਏ ਸਨ ਅਤੇ ਪਿੱਠ ’ਤੇ ਵੀ ਨਿਸ਼ਾਨ ਸਨ। ਉਸ ਨੇ ਪੁਲੀਸ ਨੂੰ ਦੱਸਿਆ ਕਿ ਮਨਜੀਤ ਸਿੰਘ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗਲ ਘੋਟ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 302 ਦਾ ਕੇਸ ਦਰਜ ਕਰ ਲਿਆ ਹੈ।
ਲਾਪਤਾ ਨੌਜਵਾਨ ਦੀ ਲਾਸ਼ ਮਿਲੀ: ਚਮਕੌਰ ਸਾਹਿਬ ਦਾ ਨੌਜਵਾਨ ਬੀਤੇ ਦਿਨੀਂ ਲਾਪਤਾ ਹੋ ਗਿਆ ਸੀ ਤੇ ਅੱਜ ਉਸ ਦੀ ਲਾਸ਼ ਨਹਿਰ ਸਰਹਿੰਦ ਵਿੱਚੋਂ ਦੋਰਾਹਾ ਕੋਲੋਂ ਮਿਲੀ ਹੈ। ਮ੍ਰਿਤਕ ਨੌਜਵਾਨ ਯੁਵਰਾਜ ਕੁਮਾਰ (21) ਦੇ ਪਿਤਾ ਗੋਪਾਲ ਦਾਸ ਨੇ ਦੱਸਿਆ ਕਿ ਉਸ ਦਾ ਪੁੱਤਰ 25 ਜੁਲਾਈ ਨੂੰ ਕਿਧਰੇ ਚਲਾ ਗਿਆ ਸੀ ਤੇ ਅੱਜ ਉਸ ਦੀ ਲਾਸ਼ ਮਿਲੀ ਹੈ।