ਅਤਰ ਸਿੰਘ
ਡੇਰਾਬੱਸੀ, 22 ਨਵੰਬਰ
ਡੇਰਾਬੱਸੀ ਦੇ ਨੇੜੇ ਵਸਦੇ ਪਿੰਡ ਸੈਦਪੁਰਾ ਦੇ ਲੋਕ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਗੰਦਗੀ ਵਿੱਚ ਰਹਿਣ ਲਈ ਮਜਬੂਰ ਹਨ। ਬਰਵਾਲਾ ਰੋਡ ਤੋਂ ਪਿੰਡ ਸੈਦਪੁਰਾ ਜਾਣ ਵਾਲੀ ਸੜਕ ਸਣੇ ਕਈ ਹੋਰਨਾਂ ਰਾਹਾਂ ’ਤੇ ਬਣੇ ਮੈਨਹੋਲਾਂ ’ਤੇ ਢੱਕਣ ਨਹੀਂ ਹਨ। ਜਿਸ ਕਾਰਨ ਰਾਤ ਸਮੇਂ ਇਨ੍ਹਾਂ ਮੈਨਹੋਲਾਂ ਵਿੱਚ ਡਿੱਗ ਕੇ ਕਿਸੇ ਦੀ ਜਾਣ ਦਾ ਖਤਰਾ ਹਰ ਸਮੇਂ ਬਣਿਆ ਰਹਿੰਦਾ ਹੈ, ਪਰ ਨਗਰ ਕੌਂਸਲ ਨੇ ਹੁਣ ਤੱਕ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਹੈ। ਪਿੰਡ ਦੀ ਮੁੱਖ ਸੜਕ ਹੋਣ ਕਰ ਕੇ ਇਥੇ ਹਰ ਵੇਲੇ ਆਵਾਜਾਈ ਰਹਿੰਦੀ ਹੈ ਤੇ ਕਈ ਵਾਰ ਭਿਆਨਕ ਹਾਦਸਾ ਵੀ ਹੋ ਚੁੱਕੇ ਹਨ। ਪਿੰਡ ਦੇ ਵਸਨੀਕਾਂ ਕਰਮ ਸਿੰਘ, ਅਮਰਜੀਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਪਿੰਡ ਵਿੱਚ ਕਈ ਥਾਈਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਤੇ ਵਾਰ ਵਾਰ ਮੰਗ ਕਰਨ ’ਤੇ ਵੀ ਪ੍ਰਸ਼ਾਸਨ ਨੇ ਇਸ ’ਤੇ ਕੋਈ ਧਿਆਨ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਨਹੋਲਾਂ ’ਤੇ ਢੱਕਣ ਨਾ ਹੋਣ ਕਾਰਨ ਹਾਦਸਿਆਂ ਦੇ ਨਾਲ ਨਾਲ ਬਿਮਾਰੀਆਂ ਫੈ਼ਲਣ ਦਾ ਵੀ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਇਲਾਕੇ ਵਿੱਚ ਡੇਂਗੂ ਦੇ ਸਭ ਤੋਂ ਵੱਧ ਮਰੀਜ਼ ਮਿਲੇ ਸਨ, ਜਿਸ ਤੋਂ ਬਾਅਦ ਵੀ ਪ੍ਰਸ਼ਾਸਨ ਨਹੀਂ ਜਾਗਿਆ। ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਪਿੰਡ ਦੀ ਸ਼ਾਮਲਾਟ ਜ਼ਮੀਨ ’ਤੇ ਨਗਰ ਕੌਂਸਲ ਵੱਲੋਂ ਬਣਾਏ ਗਏ ਡੰਪਿੰਗ ਗਰਾਊਂਡ ਕਾਰਨ ਵੀ ਉਨ੍ਹਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਹਨ। ਇਸ ਸਬੰਧ ਵਿੱਚ ਜਦੋਂ ਕੌਂਸਲਰ ਜਸਵਿੰਦਰ ਸਿੰਘ ਨਾਲ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਬਾਰੇ ਸਬੰਧਤ ਵਿਭਾਗ ਦੇ ਅਫ਼ਸਰ ਨੂੰ ਮੌਕਾ ਵਿਖਾ ਦਿੱਤਾ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਛੇਤੀ ਹੀ ਇਸ ਪ੍ਰੇਸ਼ਾਨੀ ਦਾ ਹਲ ਹੋ ਜਾਵੇਗਾ।