ਜਗਮੋਹਨ ਸਿੰਘ
ਰੂਪਨਗਰ, 11 ਸਤੰਬਰ
ਰੂਪਨਗਰ ਸ਼ਹਿਰ ਦੀ ਸਾਨਵੀ ਸੂਦ ਦਾ ਨਾਮ ਏਸ਼ੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਕੀਤਾ ਗਿਆ ਹੈ। 7 ਸਾਲ 11 ਮਹੀਨੇ 15 ਦਿਨ ਦੀ ਬੱਚੀ ਨੇ ਅਫਰੀਕੀ ਮੁਲਕ ਤਨਜ਼ਾਨੀਆਂ ਵਿਚਲੇ 5895 ਮੀਟਰ ਉੱਚੇ ਕਿਲੀਮੰਜ਼ਾਰੋ ਪਹਾੜ ’ਤੇ ਚੜ੍ਹ ਕੇ ਇਹ ਰਿਕਾਰਡ ਬਣਾਇਆ। ਸਾਨਵੀ ਦੇ ਪਿਤਾ ਦੀਪਕ ਸੂਦ ਨੇ ਦੱਸਿਆ ਕਿ 8 ਅਗਸਤ 2014 ਨੂੰ ਜਨਮੀ ਉਸ ਦੀ ਪੁੱਤਰੀ ਸਾਨਵੀ ਨੇ 23 ਜੁਲਾਈ 2022 ਨੂੰ ਰਾਤ 12.08 ਵਜੇ 7 ਸਾਲ 11 ਮਹੀਨੇ 15 ਦਿਨ ਦੀ ਉਮਰ ਵਿੱਚ ਅਫਰੀਕਾ ਦੇ ਤਨਜ਼ਾਨੀਆ ਵਿਖੇ ਸਥਿਤ ਕਿਲੀਮੰਜ਼ਾਰੋ ਚੋਟੀ ਦੀ 5895 ਮੀਟਰ ਉੱਚਾਈ ਤੱਕ ਪੁੱਜ ਕੇ ਆਪਣਾ ਤੇ ਆਪਣੇ ਜ਼ਿਲ੍ਹੇ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਸਾਨਵੀ ਨੂੰ ਏਸ਼ੀਆ ਬੁੱਕ ਆਫ ਰਿਕਾਰਡਜ਼, ਕਲਾਮ’ਜ਼ ਵਰਲਡ ਰਿਕਾਰਡਜ਼, ਇੰਡੀਆ ਬੁੱਕ ਆਫ ਰਿਕਾਰਡਜ਼ ਅਤੇ ਰਾਈਜ਼ਿੰਗ ਯੂਥ ਸੁਪਰਸਟਾਰਜ਼ ਆਫ ਇੰਡੀਆ 2022 ਐਵਾਰਡ ਮਿਲ ਚੁੱਕੇ ਹਨ।