ਜਗਮੋਹਨ ਸਿੰਘ
ਘਨੌਲੀ, 25 ਫਰਵਰੀ
ਬੀਤੇ ਦਿਨ ਨੇੜਲੇ ਪਿੰਡ ਨੂੰਹੋਂ ਅਤੇ ਰਤਨਪੁਰਾ ਦੀਆਂ ਰੂਪਨਗਰ ਦੇ ਵੱਖ ਵੱਖ ਸਕੂਲਾਂ ਵਿੱਚ ਪੜ੍ਹਨ ਲਈ ਅੰਬੂਜਾ ਫੈਕਟਰੀ ਦੀ ਬੱਸ ’ਤੇ ਸਵਾਰ ਹੋ ਕੇ ਗਈਆਂ ਦੋ ਨਾਬਾਲਗ ਵਿਦਿਆਰਥਣਾਂ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਈਆਂ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰਕੇ ਵਿਦਿਆਰਥਣਾਂ ਦੀ ਤਲਾਸ਼ ਸ਼ਰੂ ਕਰ ਦਿੱਤੀ ਹੈ। ਤਫਤੀਸ਼ੀ ਅਧਿਕਾਰੀ ਸਬ ਇੰਸਪੈਕਟਰ ਸਵਾਤੀ ਧੀਮਾਨ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੀ ਸ਼ਿਕਾਇਤ ਰਾਹੀਂ ਪਿੰਡ ਰਤਨਪੁਰਾ ਦੇ ਰੇਸ਼ਮ ਨੇ ਦੱਸਿਆ ਕਿ ਉਸ ਦੀ ਡੀਏਵੀ ਸਕੂਲ ਵਿੱਚ ਦਸਵੀਂ ਜਮਾਤ ਵਿੱਚ ਪੜ੍ਹਦੀ ਭੈਣ ਆਰਤੀ ਕੁਮਾਰੀ (17) ਅਤੇ ਪਿੰਡ ਨੂੰਹੋਂ ਦੀ ਸਰਕਾਰੀ ਸਕੂਲ ਲੜਕੀਆਂ ਰੂਪਨਗਰ ਵਿਖੇ ਨੌਵੀਂ ਜਮਾਤ ਵਿੱਚ ਪੜ੍ਹਦੀ ਅਮਨਪ੍ਰੀਤ ਕੌਰ(16) ਰੋਜ਼ਾਨਾ ਦੀ ਤਰ੍ਹਾਂ ਅੰਬੂਜਾ ਸੀਮਿੰਟ ਫੈਕਟਰੀ ਦੀ ਪ੍ਰਾਈਵੇਟ ਬੱਸ ਵਿੱਚ ਸਵਾਰ ਹੋ ਕੇ ਸਕੂਲ ਲਈ ਗਈਆਂ ਅਤੇ ਉਸ ਦਾ ਛੋਟਾ ਭਰਾ ਹਰਸ਼ ਵੀ ਇਸੇ ਬੱਸ ਵਿੱਚ ਰੂਪਨਗਰ ਦੇ ਸਕੂਲ ਵਿੱਚ ਪੜ੍ਹਨ ਲਈ ਗਿਆ ਸੀ। ਜਦੋਂ ਸਕੂਲਾਂ ਵਿੱਚੋਂ ਛੁੱਟੀ ਹੋਣ ਉਪਰੰਤ ਦੋਵੇਂ ਲੜਕੀਆਂ ਘਰ ਪਰਤਣ ਲਈ ਬੱਸ ਵਿੱਚ ਨਹੀਂ ਪੁੱਜੀਆਂ ਤਾਂ ਉਸ ਦੇ ਛੋਟੇ ਭਰਾ ਨੇ ਉਸ ਨੂੰ ਫੋਨ ਤੇ ਸਾਰੀ ਗੱਲ ਦੱਸੀ, ਜਿਸ ਉਪਰੰਤ ਉਸ ਨੇ ਅਤੇ ਅਮਨਪ੍ਰੀਤ ਕੌਰ ਦੇ ਮਾਪਿਆਂ ਨੇ ਦੋਵੇਂ ਲੜਕੀਆਂ ਦੀ ਕਾਫੀ ਤਲਾਸ਼ ਕੀਤੀ ਪਰ ਦੋਵੇਂ ਨਹੀਂ ਮਿਲੀਆਂ ਅਤੇ ਨਾ ਹੀ ਘਰ ਪੁੱਜੀਆਂ, ਜਿਸ ਕਰਕੇ ਉਸ ਨੂੰ ਸ਼ੱਕ ਹੈ ਕਿ ਦੋਵੇਂ ਨਾਬਾਲਗ ਲੜਕੀਆਂ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ। ਤਫਤੀਸ਼ੀ ਅਧਿਕਾਰੀ ਸਵਾਤੀ ਧੀਮਾਨ ਨੇ ਦੱਸਿਆ ਕਿ ਪੁਲੀਸ ਵੱਲੋਂ ਨਾਮਾਲੂਮ ਵਿਅਕਤੀਆਂ ਖਿਲਾਫ ਧਾਰਾ 363 ਅਤੇ 366 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਲਾਪਤਾ ਹੋਈਆਂ ਲੜਕੀਆਂ ਦੀ ਤੇਜ਼ੀ ਨਾਲ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।