ਜਗਮੋਹਨ ਸਿੰਘ
ਰੂਪਨਗਰ/ਘਨੌਲੀ, 15 ਮਈ
ਇਥੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਅਤੇ ਸੀਮਿੰਟ ਫੈਕਟਰੀ ਦੇ ਪ੍ਰਦੂਸ਼ਣ ਖ਼ਿਲਾਫ਼ ਦਬੁਰਜੀ ਵਿੱਚ 22 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਵੱਲੋਂ ਅੱਜ ਮੋਟਰਸਾਈਕਲ ਅਤੇ ਕਾਰ ਰੈਲੀ ਕੱਢੀ ਗਈ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਟਰੱਕ ਯੂਨੀਅਨ ਰੂਪਨਗਰ ਨਾਲ ਸਬੰਧਤ ਟਰੱਕ ਅਪਰੇਟਰ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਆਪ ਆਗੂ ਰਾਜਿੰਦਰ ਸਿੰਘ ਘਨੌਲਾ, ਸਾਬਕਾ ਸਰਪੰਚ ਤਜਿੰਦਰ ਸਿੰਘ ਸੋਨੀ ਲੋਹਗੜ੍ਹ ਫਿੱਡੇ, ਪਰਮਜੀਤ ਸਿੰਘ ਬਹਾਦਰਪੁਰ, ਮਨਪ੍ਰੀਤ ਸਿੰਘ ਦਬੁਰਜੀ, ਅਮਰਜੀਤ ਕੌਰ ਸਰਪੰਚ ਨੂੰਹੋਂ ਤੇ ਕੁਲਦੀਪ ਸਿੰਘ ਜੇਈ ਦੀ ਅਗਵਾਈ ਵਿੱਚ ਕੱਢੀ ਰੈਲੀ ਦਬੁਰਜੀ ਤੋਂ ਸ਼ੁਰੂ ਹੋ ਕੇ ਰਤਨਪੁਰਾ, ਨੂੰਹੋਂ, ਨੂੰਹੋਂ ਕਾਲੋਨੀ, ਘਨੌਲੀ, ਥਲੀ ਕਲਾਂ, ਸਿੰਘਪੁਰਾ, ਅਲੀਪੁਰ, ਖੁਆਸਪੁਰਾ, ਕਟਲੀ, ਬਹਾਦਰਪੁਰ, ਲੌਦੀਮਾਜਰਾ, ਲੋਹਗੜ੍ਹ ਫਿੱਡੇ ਪਿੰਡਾਂ ਨੂੰ ਹੁੰਦੀ ਹੋਈ ਵਾਪਸ ਦਬੁਰਜੀ ਪੁੱਜ ਕੇ ਸਮਾਪਤ ਹੋਈ। ਰੈਲੀ ਦੌਰਾਨ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਸੀਮਿੰਟ ਫੈਕਟਰੀ ਅਤੇ ਥਰਮਲ ਪਲਾਂਟ ਰੂਪਨਗਰ ਤੋਂ ਇਲਾਕੇ ਦੇ ਲੋਕਾਂ ਨੂੰ ਸਿਵਾਏ ਪ੍ਰਦੂਸ਼ਣ ਤੋਂ ਕੁੱਝ ਵੀ ਨਸੀਬ ਨਹੀਂ ਹੋ ਰਿਹਾ ਹੈ। ਲੋਕ ਤਰ੍ਹਾਂ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਦਿਨੋ ਦਿਨ ਵਧ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਓਵਰਲੋਡ ਕਾਰਨ ਇਲਾਕੇ ਦੇ ਲੋਕਲ ਟਰੱਕ ਚਾਲਕਾਂ ਨੂੰ ਮਾਲ ਨਹੀਂ ਮਿਲ ਰਿਹਾ। ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਸੁਆਹ ਚੁੱਕਣ ਲਈ ਵਰਤੇ ਜਾ ਰਹੇ ਖੁੱਲ੍ਹੀ ਬਾਡੀ ਵਾਲੇ ਟਿੱਪਰ ਪ੍ਰਦੂਸ਼ਣ ਵਿੱਚ ਵਾਧਾ ਕਰਦੇ ਹਨ। ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਪੁਲੀਸ, ਪ੍ਰਸ਼ਾਸਨ, ਟਰਾਂਸਪੋਰਟ ਵਿਭਾਗ ਅਤੇ ਪ੍ਰਦੂਸ਼ਣ ਵਿਭਾਗ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਉਨ੍ਹਾਂ ਨੂੰ ਅੱਜ ਇਹ ਵਿਸ਼ਾਲ ਰੋਸ ਰੈਲੀ ਕੱਢਣੀ ਪਈ ਹੈ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਹਾਲੇ ਵੀ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।