
ਜਗਮੋਹਨ ਸਿੰਘ
ਰੂਪਨਗਰ/ਘਨੌਲੀ, 1 ਫਰਵਰੀ
ਚੰਡੀਗੜ੍ਹ ਵਿੱਚ ਭਾਰਤ ਦੀ ਅਗਵਾਈ ਅਧੀਨ ਹੋਏ ਜੀ-20 ਸਿਖ਼ਰ ਸੰਮੇਲਨ ਦੀ ਬੀਤੇ ਦਿਨ ਸਮਾਪਤੀ ਬਾਅਦ ਅੱਜ ਵਿਦੇਸ਼ੀ ਡੈਲੀਗੇਟ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕਰਨ ਪੁੱਜੇ। ਇਸ ਤੋਂ ਬਾਅਦ ਉਹ ਵਾਪਸੀ ਸਮੇਂ ਜ਼ਿਲ੍ਹਾ ਰੂਪਨਗਰ ਦੇ ਕਸਬਾ ਭਰਤਗੜ੍ਹ ਵਿਖੇ ਸਥਿਤ ਪਹੁੰਚੇ। ਇੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਹਿਮਾਨਾਂ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ।ਸਰਾਏ ਹੋਟਲ ਪ੍ਰਬੰਧਕਾਂ ਸੁਨੀਲ ਗਰਗ ਅਤੇ ਐੱਲ.ਗਰਗ ਦੀ ਦੇਖ ਰੇਖ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸੈਕੰਡਰੀ ਸਕੂਲ ਭਰਤਗੜ੍ਹ ਦੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਅਤੇ ਪੰਜਾਬੀ ਬੋਲੀਆਂ ਪਾ ਕੇ ਮਹਿਮਾਨਾਂ ਦਾ ਸਵਾਗਤ ਕੀਤਾ। ਹੋਟਲ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਲਈ ਪੰਜਾਬ ਦੇ ਰਵਾਇਤੀ ਪੰਜਾਬੀ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਮਹਿਮਾਨਾਂ ਦੇ ਸਾਹਮਣੇ ਪੁਰਾਤਨ ਢੰਗ ਤਰੀਕਾ ਵਰਤਦਿਆਂ ਹੋਇਆਂ ਪੇਂਡੂ ਚੁੱਲ੍ਹਾ ਬਾਲ ਕੇ ਤੌੜੀ ਵਿੱਚ ਦਾਲ ਬਣਾਈ ਗਈ, ਜਿਸ ਨੂੰ ਮਹਿਮਾਨਾਂ ਨੇ ਕਾਫੀ ਉਤਸੁਕਤਾ ਨਾਲ ਵੇਖਿਆ। ਖਾਣਾ ਖਾਣ ਤੋਂ ਬਾਅਦ ਮਹਿਮਾਨਾਂ ਨੇ ਖਾਣੇ ਦੀ ਰੱਜਵੀਂ ਤਾਰੀਫ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਏਡੀਸੀ ਹਰਜੋਤ ਕੌਰ, ਐੱਸਡੀਐੱਮ ਹਰਬੰਸ ਸਿੰਘ, ਐੱਸਐੱਸਪੀ ਵਿਵੇਕਸੀਲ ਸੋਨੀ, ਐੱਸਪੀ ਰਾਜਪਾਲ ਸਿੰਘ ਹੁੰਦਲ, ਡੀਐੱਸਪੀ ਅਜੇ ਸਿੰਘ, ਐੱਸਐੱਚਓ ਕੀਰਤਪੁਰ ਸਾਹਿਬ ਗੁਰਵਿੰਦਰ ਸਿੰਘ, ਚੌਕੀ ਇੰਚਾਰਜ ਸਰਤਾਜ ਸਿੰਘ ਤੋਂ ਇਲਾਵਾ ਟੂਰਿਜ਼ਮ ਮਹਿਕਮੇ ਅਤੇ ਮੁੱਖ ਮੰਤਰੀ ਦਫਤਰ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ