ਜਗਮੋਹਨ ਸਿੰਘ
ਰੂਪਨਗਰ, 25 ਅਗਸਤ
ਨਜ਼ਦੀਕੀ ਪਿੰਡ ਰੰਗੀਲਪੁਰ ਦੇ ਲੋੜਵੰਦ ਪਰਿਵਾਰ ਦੇ ਅਧੂਰੇ ਮਕਾਨ ਦਾ ਕੰਮ ਪੂਰਾ ਕਰਨ ਲਈ ਸਮਾਜਸੇਵੀ ਆਗੂਆਂ ਨੇ ਬੀੜਾ ਚੁੱਕਿਆ ਹੈ। ਪਿੰਡ ਰੰਗੀਲਪੁਰ ਦੀ ਵਸਨੀਕ ਵਿਧਵਾ ਅਤੇ ਉਸ ਦਾ ਅੰਗਹੀਣ ਪੁੱਤ ਹੈ। ਔਰਤ ਦੀ ਬੇਟੀ ਹਾਲੇ ਪੜ੍ਹਾਈ ਕਰ ਰਹੀ ਹੈ। ਇਨ੍ਹਾਂ ਦੇ ਘਰ ਵਿੱਚ ਕੋਈ ਵੀ ਜੀਅ ਕਮਾਉਣ ਵਾਲਾ ਨਾ ਹੋਣ ਕਾਰਨ ਪਰਿਵਾਰ ਨੂੰ ਕਾਫੀ ਜ਼ਿਆਦਾ ਆਰਥਿਕ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਰਿਵਾਰ ਦੀਆਂ ਤੰਗੀਆਂ ਤਰੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਘਾੜ ਇਲਾਕੇ ਦੇ ਸਮਾਜ ਸੇਵੀ ਵਿਅਕਤੀਆਂ ਨੇ ਆਪਸੀ ਸਲਾਹ ਮਸ਼ਵਰਾ ਕਰਕੇ ਇਸ ਪਰਿਵਾਰ ਦਾ ਮਕਾਨ ਬਣਾਉਣ ਦਾ ਫੈਸਲਾ ਕੀਤਾ ਹੈ, ਜਿਸ ਦੀ ਉਸਾਰੀ ਦੀ ਸ਼ੁਰੂਆਤ ਘਾੜ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਅਤੇ ਯੂਥ ਪ੍ਰਧਾਨ ਰਵਿੰਦਰ ਸਿੰਘ ਦੀ ਅਗਵਾਈ ਵਿੱਚ ਨੀਂਹ ਪੱਥਰ ਰੱਖ ਕੇ ਕਰ ਦਿੱਤੀ ਗਈ ਹੈ। ਸ੍ਰੀ ਗਿੱਲ ਅਤੇ ਰਵਿੰਦਰ ਸਿੰਘ ਨੇ ਦੱਸਿਆ ਕਿ ਦਾਨੀਆਂ ਦੇ ਸਹਿਯੋਗ ਨਾਲ ਪਰਿਵਾਰ ਨੂੰ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾਵੇਗੀ।