ਜਗਮੋਹਨ ਸਿੰਘ
ਰੂਪਨਗਰ, 1 ਮਈ
ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਯੂਪੀ, ਬਿਹਾਰ ਅਤੇ ਹੋਰ ਸੂਬਿਆਂ ਨੂੰ ਸਵਾਰੀਆਂ ਢੋਣ ਲਈ ਗੈਰਕਾਨੂੰਨੀ ਤੌਰ ’ਤੇ ਚਲਾਈਆਂ ਜਾ ਰਹੀਆਂ ਬੱਸਾਂ ਦਾ ਬੀਤੀ ਰਾਤ ਰੂਪਨਗਰ ਦੇ ਕਾਂਗਰਸੀ ਆਗੂਆਂ ਨੇ ਪਰਦਾਫਾਸ਼ ਕਰਦਿਆਂ ਬੱਸ ਨੂੰ ਸਿਟੀ ਥਾਣੇ ਵਿੱਚ ਬੰਦ ਕਰਵਾਇਆ ਹੈ। ਮੀਡੀਆ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਮਰਜੀਤ ਸਿੰਘ ਭੁੱਲਰ, ਬੁਲਾਰੇ ਸੁਖਦੇਵ ਸਿੰਘ ਅਤੇ ਪਿੰਡ ਸ਼ਾਮਪੁਰਾ ਦੇ ਸਰਪੰਚ ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਬਾਈਪਾਸ ਰੋਡ ’ਤੇ ਜਾ ਰਹੇ ਸਨ ਤਾਂ ਢਾਬੇ ’ਤੇ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਪਰਿਵਾਰਾਂ ਸਮੇਤ ਆਪੋ ਆਪਣਾ-ਸਾਮਾਨ ਲਈ ਖੜ੍ਹੇ ਸਨ, ਜਿਨ੍ਹਾਂ ਵਿੱਚੋਂ ਕੁੱਝ ਮਜ਼ਦੂਰ ਸਲੀਪਰ ਬੱਸ ਦੀ ਛੱਤ ’ਤੇ ਚੜ੍ਹ ਰਹੇ ਸਨ, ਜਦੋਂ ਕਿ ਬੱਸ ਦੀਆਂ ਦੋਵੇਂ ਮੰਜ਼ਿਲਾਂ ਅੰਦਰੋਂ ਪੂਰੀ ਤਰ੍ਹਾਂ ਖਚਾਖੱਚ ਭਰੀਆਂ ਹੋਈਆਂ ਸਨ। ਬੱਸ ਦੇ ਅੰਦਰ ਬਹੁਤ ਸਾਰੇ ਮਜ਼ਦੂਰ ਅਤੇ ਉਨ੍ਹਾਂ ਦੇ ਛੋਟੇ ਛੋਟੇ ਬੱਚੇ ਖੜ੍ਹੇ ਵੀ ਸਨ। ਆਗੂਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਬੱਸ ਦੇ ਡਰਾਈਵਰ ਨਾਲ ਗੱਲ ਕਰਨੀ ਚਾਹੀ ਤਾਂ ਉਹ ਗੱਲ ਕਰਨ ਦੀ ਥਾਂ ਬੱਸ ਭਜਾ ਕੇ ਲੈ ਗਿਆ। ਇਸੇ ਦੌਰਾਨ ਮਜ਼ਦੂਰਾਂ ਨੇ ਦੱਸਿਆ ਕਿ ਹਾਲੇ ਹੋਰ ਬੱਸਾਂ ਵੀ ਪਿੱਛੇ ਆ ਰਹੀਆਂ ਹਨ, ਜਿਸ ਉਪਰੰਤ ਉਨ੍ਹਾਂ ਉੱਥੇ ਹੀ ਖੜ੍ਹ ਕੇ ਇੰਤਜ਼ਾਰ ਕੀਤਾ ਤੇ ਥੋੜ੍ਹੀ ਦੇਰ ਬਾਅਦ ਇੱਕ ਹੋਰ ਹਰੇ ਰੰਗ ਦੀ ਬੱਸ ਆ ਗਈ, ਜਿਸ ਦੇ ਉੱਪਰ ਪਹਿਲਾਂ ਹੀ ਛੱਤ ਤੇ ਵੀ ਕਾਫੀ ਮਜ਼ਦੂਰ ਬੈਠੇ ਸਨ। ਉਨ੍ਹਾਂ ਬੱਸ ਨੂੰ ਰੋਕ ਕੇ ਜਦੋਂ ਡਰਾਈਵਰ ਨਾਲ ਗੱਲ ਕਰਨੀ ਚਾਹੀ ਤਾਂ ਡਰਾਈਵਰ ਨੇ ਮਾਲਕ ਨਾਲ ਗੱਲ ਕਰਨ ਲਈ ਕਿਹਾ। ਸ੍ਰੀ ਭੁੱਲਰ ਨੇ ਦੱਸਿਆ ਕਿ ਮਾਲਕ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਲਾਲਚ ਦੇਣ ਦੀ ਕੋਸ਼ਿਸ ਕੀਤੀ ਪਰ ਜਦ ਉਸ ਦੀ ਗੱਲ ਨਾ ਬਣੀ ਤਾਂ ਉਸ ਨੇ ਧਮਕੀ ਦਿੰਦਿਆਂ ਕਿਹਾ ਕਿ ਉਸ ਦੀ ਉੱਪਰ ਤੱਕ ਸੈਟਿੰਗ ਹੈ ਤੇ ਤੁਸੀਂ ਜੋ ਮਰਜ਼ੀ ਕਰਨਾ ਕਰ ਲਵੋ। ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਲੀਸ ਨੂੰ ਫੋਨ ਕੀਤੇ ਜਾਣ ’ਤੇ ਪਹਿਲਾਂ ਤਾਂ ਪੁਲੀਸ ਨੇ ਉਨ੍ਹਾਂ ਨੂੰ ਟਰਕਾਉਣ ਦੀ ਕੋਸ਼ਿਸ਼ ਕੀਤੀ ਪਰ ਜਾਮ ਲਾਉਣ ਦੀ ਚਿਤਾਵਨੀ ਦੇਣ ’ਤੇ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਬੱਸ ਦੇ ਡਰਾਈਵਰ ਕੋਲ ਨਾ ਤਾਂ ਲਾਇਸੈਂਸ ਮਿਲਿਆ ਅਤੇ ਨਾ ਹੀ ਉਹ ਬੱਸ ਦਾ ਪਰਮਿਟ ਜਾਂ ਹੋਰ ਦਸਤਾਵੇਜ਼ ਪੁਲੀਸ ਨੂੰ ਮੌਕੇ ’ਤੇ ਵਿਖਾ ਸਕਿਆ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਬਦਲਣ ਦੇ ਬਾਵਜੂਦ ਭਗਵੰਤ ਮਾਨ ਸਰਕਾਰ ਇਸ ਵੱਡੇ ਗੋਰਖਧੰਦੇ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮਯਾਬ ਰਹੀ ਹੈ। ਸਿਟੀ ਪੁਲੀਸ ਰੂਪਨਗਰ ਦੇ ਐੱਸਐੱਚਓ ਅੰਡਰਟਰੇਨੀ ਆਈਪੀਐੱਸ ਰਣਧੀਰ ਕੁਮਾਰ ਨੇ ਦੱਸਿਆ ਕਿ ਬੱਸ ਦਾ ਚਲਾਨ ਕਰਕੇ ਉਸ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਸ ਵਿੱਚ ਸਮਰੱਥਾ ਤੋਂ ਕਿਤੇ ਜ਼ਿਆਦਾ ਸਵਾਰੀਆਂ ਸਨ। ਉਨ੍ਹਾਂ ਦੱਸਿਆ ਕਿ ਸਵਾਰੀਆਂ ਦੀ ਮੁਸ਼ਕਲ ਨੂੰ ਵੇਖਦਿਆਂ ਕੰਡਕਟਰ ਤੋਂ ਪੈਸੇ ਵਾਪਸ ਕਰਵਾ ਕੇ ਟਰੇਨ ਅਤੇ ਹੋਰ ਵਹੀਕਲਾਂ ਰਾਹੀਂ ਪ੍ਰਬੰਧ ਕਰਕੇ ਰਵਾਨਾ ਕਰ ਦਿੱਤਾ ਗਿਆ।