ਜਗਮੋਹਨ ਸਿੰਘ
ਰੂਪਨਗਰ, 7 ਮਈ
ਅੱਜ ਇਥੇ ਰੂਪਨਗਰ-ਚੰਡੀਗੜ੍ਹ ਮਾਰਗ ’ਤੇ ਪਿੰਡ ਰੰਗੀਲਪੁਰ ਨੇੜਿਉਂ ਗੁਜ਼ਰਦੀ ਭਾਖੜਾ ਨਹਿਰ ਵਿੱਚ ਇਨਡੇਵਰ ਚਾਲਕ ਨੇ ਆਪਣੀ ਗੱਡੀ ਨਹਿਰ ਵਿੱਚ ਸੁੱਟ ਕੇ ਜੀਵਨ ਲੀਲਾ ਸਮਾਪਤ ਕਰ ਲਈ। ਕਾਰ ਸਮੇਤ ਡੁੱਬੇ ਵਿਅਕਤੀ ਦੀ ਲਾਸ਼ ਨੂੰ ਗੋਤਾਖੋਰਾਂ ਨੇ ਭਾਖੜਾ ਨਹਿਰ ’ਚੋਂ ਬਾਹਰ ਕੱਢ ਲਿਆ ਤੇ ਮ੍ਰਿਤਕ ਦੀ ਸ਼ਨਾਖਤ ਗੁਰਧਿਆਨ ਸਿੰਘ ਵਾਸੀ ਦੁਰਾਲੀ ਜ਼ਿਲ੍ਹਾ ਐੱਸਏਐੱਸ ਨਗਰ ਵੱਜੋਂ ਹੋਈ ਹੈ। ਗੁਰਧਿਆਨ ਸਿੰਘ ਦੀ ਪਤਨੀ ਜਸਵਿੰਦਰ ਕੌਰ ਜ਼ਿਲ੍ਹਾ ਪਰਿਸ਼ਦ ਐੱਸਏਐੱਸ ਨਗਰ ਦੀ ਚੇਅਰਪਰਸਨ ਹੈ ਤੇ ਮ੍ਰਿਤਕ ਨੂੰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਦੇ ਕਾਫੀ ਕਰੀਬੀ ਮੰਨਿਆ ਜਾਂਦਾ ਸੀ। ਉਹ ਉੱਤਰੀ ਭਾਰਤ ਦਾ ਪ੍ਰਸਿੱਧ ਠੇਕੇਦਾਰ ਸੀ ਅਤੇ ਉਹ ਕਾਫੀ ਮਿਲਣਸਾਰ ਸੀ।
ਉਹ ਆਪਣੇ ਪਿਛੇ ਪਤਨੀ ਤੋਂ ਇਲਾਵਾ ਤਿੰਨ ਧੀਆਂ ਤੇ ਪੁੱਤਰ ਛੱਡ ਗਏ ਹਨ। ਉਨ੍ਹਾਂ ਦੀ ਲੜਕੀ ਐੱਮਡੀ ਅਤੇ ਦੂਜੀ ਪਾਇਲਟ ਹੈ। ਉਨ੍ਹਾਂ ਖ਼ਿਲਾਫ਼ ਪੁਲੀਸ ਵੱਲੋਂ ਕੋਈ ਕੇਸ ਦਰਜ ਕੀਤਾ ਗਿਆ ਹੈ, ਜਿਸ ਖ਼ਿਲਾਫ਼ ਪਾਈ ਅਗਾਊਂ ਜ਼ਮਾਨਤ ਰੱਦ ਹੋਣ ਬਾਅਦ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਗਏ ਸਨ, ਜਿਸ ਕਰਕੇ ਉਨ੍ਹਾਂ ਵੱਲੋਂ ਇਹ ਕਦਮ ਚੁੱਕੇ ਜਾਣ ਦੀ ਚਰਚਾ ਹੈ। ਥਾਣਾ ਸਿੰਘ ਭਗਵੰਤਪੁਰ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਪਹੁੰਚਾਉਣ ਉਪਰੰਤ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਮੌਕੇ ਉੱਧਰੋਂ ਗੁਜ਼ਰ ਰਹੇ ਗੋਤਾਖੋਰ ਸੁਰੇਸ਼ ਕੁਮਾਰ ਤੇ ਉਨ੍ਹਾਂ ਦੀ ਟੀਮ ਨੇ ਡੁੱਬ ਰਹੀ ਗੱਡੀ ਵਿੱਚੋਂ ਚਾਲਕ ਨੂੰ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੇ।
ਗੋਤਾਖੋਰ ਸੁ਼ਰੇਸ਼ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਦੇ ਕਰੀਬ ਉਹ ਆਪਣੇ ਸਾਥੀ ਗੋਤਾਖ਼ੋਰਾਂ ਸਮੇਤ ਰੰਗੀਲਪੁਰ ਨੇੜੇ ਭਾਖੜਾ ਨਹਿਰ ਤੋਂ ਗੁਜ਼ਰ ਰਹੇ ਸੀ, ਜਿਸ ਦੌਰਾਨ ਮੁਹਾਲੀ ਨੰਬਰ ਵਾਲੀ ਚਿੱਟੀ ਇੰਡੈਵਰ ਦੇ ਚਾਲਕ ਨੇ ਆਪਣੀ ਗੱਡੀ ਭਾਖੜਾ ਨਹਿਰ ਦਾ ਪੁਲ ਪਾਰ ਕਰਨ ਤੋਂ ਬਾਅਦ ਕੱਚੀ ਪਟੜੀ ’ਤੇ ਲਿਆ ਕੇ ਨਹਿਰ ਵਿੱਚ ਸੁੱਟ ਦਿੱਤੀ। ਗੋਤਾਖ਼ੋਰ ਸੁਰੇਸ਼ ਕੁਮਾਰ ਨੇ ਘਟਨਾ ਮੌਕੇ ਬਣਾਈ ਵੀਡੀਓ ਵਿਖਾਉਂਦਿਆਂ ਦੱਸਿਆ ਕਿ ਕਾਰ ਨਹਿਰ ਵਿੱਚ ਡਿੱਗਣ ਤੋਂ ਬਾਅਦ ਉਨ੍ਹਾਂ ਦੇ ਸਾਥੀਆਂ ਨੇ ਨਹਿਰ ਵਿੱਚ ਛਲਾਂਗ ਲਗਾ ਕੇ ਚਾਲਕ ਨੂੰ ਖਿੜਕੀ ਖੋਲ੍ਹਣ ਲਈ ਕਿਹਾ ਪਰ ਚਾਲਕ ਵੱਲੋਂ ਖਿੜਕੀ ਨਾ ਖੋਲ੍ਹਣ ਕਾਰਨ ਅਤੇ ਖਿੜਕੀਆਂ ਅੰਦਰੋਂ ਲਾਕ ਹੋਣ ਕਾਰਨ ਚਾਲਕ ਗੱਡੀ ਸਮੇਤ ਭਾਖੜਾ ਨਹਿਰ ਦੇ ਪਾਣੀ ਵਿੱਚ ਡੁੱਬ ਗਿਆ।