
ਜਗਮੋਹਨ ਸਿੰਘ
ਰੂਪਨਗਰ, 3 ਦਸੰਬਰ
ਸੀਨੀਅਰ ਕਪਤਾਨ ਪੁਲੀਸ ਰੂਪਨਗਰ ਵਿਵੇਕ ਐੱਸ. ਸੋਨੀ ਨੇ ਦੱਸਿਆ ਕਿ ਉੱਪ ਕਪਤਾਨ ਪੁਲੀਸ ਸਬ ਡਵੀਜ਼ਨ ਤਰਲੋਚਨ ਸਿੰਘ ਅਤੇ ਥਾਣਾ ਸਿੰਘ ਭਗਵੰਤਪੁਰ ਪੁਲੀਸ ਵਲੋਂ ਦੋ ਕੈਂਟਰ ਚੋਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ 16 ਨਵੰਬਰ ਨੂੰ ਵਿਕਾਸ ਕੁਮਾਰ ਵਾਸੀ ਵਾਰਡ ਨੰ. 8 ਸੰਜੇ ਕਲੋਨੀ ਚੀਕਾ ਜ਼ਿਲ੍ਹਾ ਕੈਥਲ ਹਰਿਆਣਾ ਆਪਣੇ ਕੈਂਟਰ ਐੱਚਆਰ 54-7835 'ਤੇ ਊਨਾ (ਹਿਮਾਚਲ ਪ੍ਰਦੇਸ਼) ਤੋਂ ਆਲੂ ਲੋਡ ਕਰਕੇ ਵਾਪਸ ਜਾ ਰਿਹਾ ਸੀ ਤਾਂ ਜਦੋਂ ਭੱਠਾ ਸਾਹਿਬ ਚੌਕ ਕੋਲ ਪੁੱਜਾ ਤਾਂ ਮੋਰਿੰਡਾ ਵੱਲ ਨੂੰ ਜਾਣ ਵਾਸਤੇ ਬਲੈਰੋ ਪਿੱਕਅੱਪ ਗੱਡੀ ਸਵਾਰਾਂ ਤੋਂ ਰਸਤਾ ਪੁੱਛਿਆ। ਉਨ੍ਹਾਂ ਨੇ ਕਿਹਾ ਕਿ ਉਹ ਵੀ ਮੋਰਿੰਡਾ ਵੱਲ ਨੂੰ ਜਾ ਰਹੇ ਹਨ। ਉਨ੍ਹਾਂ ਵਿਕਾਸ ਕੁਮਾਰ ਨੂੰ ਆਪਣੀ ਗੱਡੀ ਦੇ ਮਗਰ ਤੋਰਨ ਲਈ ਕਿਹਾ। ਲਿਆ। ਪਿੱਕਅੱਪ ਵਾਲਿਆ ਨੇ ਵਿਕਾਸ ਕੁਮਾਰ ਨੂੰ ਰੈਲੋਂ ਨਦੀ ਪਾਰ ਕਰਕੇ ਪਿੰਡ ਬਾੜਾ ਸਲੋਰਾ ਵੱਲ ਲੈ ਗਏ, ਉਥੇ ਉਸ ਦੇ ਕੈਂਟਰ ਨੂੰ ਰੋਕ ਲਿਆ ਤੇ ਕੈਂਟਰ ਦੀ ਚਾਬੀ ਕੱਢ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਮੂੰਹ ਨੂੰ ਟੇਪ ਲਗਾ ਕੇ ਉਸ ਨੂੰ ਦਰਖਤ ਨਾਲ ਬੰਨ੍ਹ ਕੇ ਪੈਸੇ ਅਤੇ ਉਸ ਦਾ ਕੈਂਟਰ ਖੋਹ ਕੇ ਫ਼ਰਾਰ ਹੋ ਗਏ ਸਨ। ਮੁਲਜ਼ਮਾਂ ਵਿਰੁੱਧ ਥਾਣਾ ਸਿੰਘ ਭਗਵੰਤਪੁਰਾ ਵਿਖੇ ਕੇਸ ਦਰਜ ਕਰਵਾਇਆ ਗਿਆ। ਇਸ ਦੌਰਾਨ ਪੁਲੀਸ ਨਾਕਾਬੰਦੀ ਕਾਰਨ ਮੁਲਜ਼ਮ ਖੋਹਿਆ ਕੈਂਟਰ ਇਕ ਸਕੂਲ ਨਜ਼ਦੀਕ ਖੜ੍ਹਾ ਕਰਕੇ ਚਲੇ ਗਏ, ਜਿਨ੍ਹਾਂ ਦੀ ਨਿਰੰਤਰ ਭਾਲ ਕੀਤੀ ਜਾ ਰਹੀ ਸੀ। ਥਾਣਾ ਸਿੰਘ ਭਗਵੰਤਪੁਰ ਦੀ ਪੁਲੀਸ ਪਾਰਟੀ ਵੱਲੋਂ ਐੱਸਐੱਚਓ ਹਰਪ੍ਰੀਤ ਸਿੰਘ ਮਾਹਲ ਦੀ ਅਗਵਾਈ ਅਧੀਨ ਟੀ-ਪੁਆਇੰਟ ਖੁਆਸਪੁਰਾ ਪਾਸ ਨਾਕਾਬੰਦੀ ਕਰਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਸੱਤਾਰ ਅਲੀ ਵਾਸੀ ਪਿੰਡ ਥੇਰਮਪੁਰ ਲਾਡਲ ਥਾਣਾ ਅੰਦਰ ਰੂਪਨਗਰ ਅਤੇ ਬਿੱਟੂ ਵਾਸੀ ਨੂਰਪੁਰ ਬੇਦੀ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਪਾਸੋਂ ਵਾਰਦਾਤ ਵਿਚ ਵਰਤੀ ਪਿੱਕਅੱਪ ਪੀਬੀ 12 ਵਾਈ 4896 ਅਤੇ ਵਾਰਦਾਤ ਵਿਚ ਵਰਤਿਆ ਡੰਡਾ ਅਤੇ ਟੇਪ ਰੋਲ ਬਰਾਮਦ ਕੀਤੀ ਗਈ। ਕੈਂਟਰ ਵਿੱਚੋਂ ਖੋਹ ਕੀਤੀਆਂ ਆਲੂਆਂ ਦੀਆਂ ਭਰੀਆਂ 65 ਬੋਰੀਆਂ ਵੀ ਬਰਾਮਦ ਕਰ ਲਈਆਂ ਗਈਆਂ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ