ਜਗਮੋਹਨ ਸਿੰਘ
ਰੂਪਨਗਰ, 19 ਅਪਰੈਲ
ਰੂਪਨਗਰ ਦੀ ਪ੍ਰੀਤ ਕਲੋਨੀ ਵਿੱਚ ਬੀਤੇ ਦਿਨ ਮਕਾਨ ਦਾ ਲੈਂਟਰ ਡਿੱਗਣ ਉਪਰੰਤ ਮਲਬੇ ਥੱਲੇ ਦੱਬੇ ਪੰਜ ਮਜ਼ਦੂਰਾਂ ਵਿੱਚੋਂ ਚਾਰ ਨੂੰ ਬਾਹਰ ਕੱਢ ਲਿਆ ਗਿਆ ਅਤੇ ਪੰਜਵੇਂ ਦੀ ਭਾਲ ਅਜੇ ਵੀ ਜਾਰੀ ਹੈ। ਇੱਕ ਮਜ਼ਦੂਰ ਪੀਜੀਆਈ ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਹੈ ਅਤੇ ਤਿੰਨ ਦੀ ਮੌਤ ਹੋ ਚੁੱਕੀ ਹੈ। ਜ਼ਖਮੀ ਮਜ਼ਦੂਰ ਦੀ ਸ਼ਨਾਖਤ ਆਜ਼ੀਮ ਉਰਫ ਨਾਜ਼ਿਮ ਪੁੱਤਰ ਅਲੀਸ਼ੇਰ ਵਾਸੀ ਪਿੰਡ ਗੁੜੀਆ ਪਮਾਰ ਜ਼ਿਲ੍ਹਾ ਸ਼ਾਹਜਹਾਂਪੁਰ ਵਜੋਂ ਅਤੇ ਮ੍ਰਿਤਕਾਂ ਦੀ ਪਛਾਣ ਰਮੇਸ਼ ਕੁਮਾਰ (39) ਪੁੱਤਰ ਗੁਰਦੇਵ ਸਿੰਘ ਵਾਸੀ ਕਲਸੀ ਜ਼ਿਲ੍ਹਾ ਕਰਨਾਲ, ਕਾਰਤਿਕ (23) ਪੁੱਤਰ ਰਾਜਿੰਦਰ ਕੁਮਾਰ ਤੇ ਸਾਹਿਲ ਪੁੱਤਰ ਪਵਨ ਕੁਮਾਰ ਦੋਵੇਂ ਵਾਸੀ ਹਰੜਾ ਜ਼ਿਲ੍ਹਾ ਅੰਬਾਲਾ ਵਜੋਂ ਹੋਈ ਹੈ। ਮਕਾਨ ਦੇ ਮਲਬੇ ਥੱਲੇ ਦੱਬੇ ਮਜ਼ਦੂਰ ਅਭਿਸ਼ੇਕ ਪੁੱਤਰ ਮੋਹਨ ਲਾਲ ਵਾਸੀ ਹਰੜਾ ਜ਼ਿਲ੍ਹਾ ਅੰਬਾਲਾ ਦੀ ਐੱਨਡੀਆਰਐੱਫ, ਐੱਸਡੀਆਰਐੱਫ ਅਤੇ ਚੋਣਾਂ ਲਈ ਆਈ ਹੋਈ ਆਈਟੀਬੀਪੀ ਦੇ ਜਵਾਨਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਗਲੀ ਤੰਗ ਹੋਣ ਕਾਰਨ ਮਕਾਨ ਦਾ ਮਲਬਾ ਚੁੱਕਣ ਲਈ ਜੇਸੀਬੀ ਮਸ਼ੀਨ ਨਹੀਂ ਲਗਾਈ ਜਾ ਸਕੀ, ਜਿਸ ਕਰਕੇ ਬਚਾਅ ਕਾਰਜਾਂ ਵਿੱਚ ਜੁਟੇ ਕਰਮੀਆਂ ਵੱਲੋਂ ਹੱਥਾਂ ਨਾਲ ਮਲਬਾ ਚੁੱਕਿਆ ਜਾ ਰਿਹਾ ਹੈ। ਡੀਸੀ ਡਾ. ਪ੍ਰੀਤੀ ਯਾਦਵ ਅਤੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਜਿੱਥੇ ਖੁਦ ਮੌਕੇ ’ਤੇ ਪੁੱਜ ਕੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ, ਉੱਥੇ ਹੀ ਜ਼ਿਲ੍ਹਾ ਪ੍ਰਸਾਸ਼ਨ ਅਤੇ ਪੁਲੀਸ ਦੇ ਅਧਿਕਾਰੀ ਤੇ ਕਰਮਚਾਰੀ ਘਟਨਾ ਸਥਾਨ ’ਤੇ ਪੁੱਜ ਕੇ ਰਾਹਤ ਕਾਰਜਾਂ ਵਿੱਚ ਮਦਦ ਕਰ ਰਹੇ ਹਨ। ਥਾਣਾ ਸਿਟੀ ਰੂਪਨਗਰ ਵਿਖੇ ਠੇਕੇਦਾਰ ਤੇ ਮਕਾਨ ਮਾਲਕ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ।