ਜਗਮੋਹਨ ਸਿੰਘ
ਰੂਪਨਗਰ/ਘਨੌਲੀ, 18 ਮਈ
ਪਿੰਡ ਲੋਹਗੜ੍ਹ ਫਿੱਡੇ ਵਿੱਚ ਬੀਤੀ ਰਾਤ ਪੈਟਰੋਲ ਪੰਪ ’ਤੇ ਪੰਪ ਮਾਲਕ ਦੇ ਭਤੀਜੇ ਅਤੁਲ ਕੁਮਾਰ ਅਤੇ ਉਨ੍ਹਾਂ ਦੇ ਹੋਰ ਸਟਾਫ ਮੈਂਬਰਾਂ ਦੀ ਕੀਤੀ ਕਥਿਤ ਕੁੱਟਮਾਰ ਦੇ ਸਬੰਧ ਵਿੱਚ ਥਾਣਾ ਸਦਰ ਰੂਪਨਗਰ ਨੇ ਪਰਚਾ ਦਰਜ ਕਰਕੇ ਅੱਜ ਸੁਵੱਖਤੇ ਹੀ ਧਰਨਾਕਾਰੀਆਂ ਦੇ ਆਗੂ ਅਤੇ ਆਪ ਨੇਤਾ ਰਾਜਿੰਦਰ ਸਿੰਘ ਘਨੌਲਾ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਆਗੂ ਤੋਂ ਇਲਾਵਾ ਪਰਚੇ ਵਿੱਚ ਆਪ ਦੇ ਕਈ ਹੋਰ ਵਾਲੰਟੀਅਰਾਂ ਦੇ ਨਾਮ ਹੋਣ ਕਾਰਨ ਪੁਲੀਸ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਦੇ ਰਹੀ। ਐੱਸਐੱਸਪੀ ਰੂਪਨਗਰ ਡਾ. ਸੰਦੀਪ ਕੁਮਾਰ ਗਰਗ ਨੇ ਆਪ ਆਗੂ ਰਾਜਿੰਦਰ ਸਿੰਘ ਘਨੌਲਾ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ। ਦੂਜੇ ਪਾਸੇ ਪਿੰਡ ਦਬੁਰਜੀ ਵਿਖੇ ਧਰਨਾ ਦੇ ਰਹੇ ਧਰਨਾਕਾਰੀਆਂ ਨੇ ਪਰਚਾ ਰੱਦ ਕਰਵਾਉਣ ਲਈ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿਖੇ ਪੁੱਜ ਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ।