ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 26 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਜਨਤਕ ਥਾਵਾਂ ਅਤੇ ਸੜਕਾਂ ਕੰਢੇ ਨਾਜਾਇਜ਼ ਕਬਜ਼ੇ ਕਰ ਕੇ ਸਾਮਾਨ ਵੇਚਣ ਵਾਲੇ ਘੁਮਿਆਰਾਂ ਨੂੰ ਹਟਾਉਣ ਸਬੰਧੀ ਦਿੱਤੇ ਗਏ ਆਦੇਸ਼ਾਂ ’ਤੇ ਨਿਗਮ ਵਿੱਚ ਹਾਕਮ ਧਿਰ ਭਾਜਪਾ ਦੇ ਆਗੂ ਹੀ ਇਨ੍ਹਾਂ ਹੁਕਮਾਂ ਤੇ ਕਾਰਵਾਈ ਦੇ ਵਿਰੋਧ ਵਿੱਚ ਖੜ੍ਹੇ ਹੋ ਗਏ ਹਨ।
ਭਾਜਪਾ ਆਗੂ ਤੇ ਕੌਂਸਲਰ ਅੱਜ ਇੱਥੇ ਸੈਕਟਰ-24 ਵਿੱਚ ਬੈਠੇ ਘੁਮਿਆਰਾਂ ਦੀ ਹਮਾਇਤ ਲਈ ਪਹੁੰਚੇ ਅਤੇ ਉੱਥੇ ਉਨ੍ਹਾਂ ਨੂੰ ਹਟਾਉਣ ਲਈ ਪੁੱਜੀ ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਦੀ ਟੀਮ ਦਾ ਵਿਰੋਧ ਕੀਤਾ। ਭਾਜਪਾ ਆਗੂਆਂ ਨੇ ਕਿਹਾ ਕਿ ਨਿਗਮ ਵੱਲੋਂ ਉਨ੍ਹਾਂ ਨੂੰ ਤੰਗ ਨਹੀਂ ਕੀਤਾ ਜਾ ਸਕਦਾ। ਇਹ ਘੁਮਿਆਰ ਇੱਥੇ ਪਿਛਲੇ ਕਈ ਸਾਲਾਂ ਤੋਂ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਦਿਵਾਲੀ ਮੌਕੇ ਦੇਸ਼ਵਾਸੀਆਂ ਨੂੰ ਚੀਨੀ ਸਾਮਾਨ ਨਾ ਖਰੀਦ ਕੇ ਦੇਸ਼ ਵਿੱਚ ਹੀ ਬਣਿਆ ਸਾਮਾਨ ਖਰੀਦਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇੱਥੇ ਸੈਕਟਰ 24 ਵਿੱਚ ਬੈਠੇ ਘੁਮਿਆਰਾਂ ਦੇ ਸਮਰਥਨ ਵਿੱਚ ਪੁੱਜੇ ਭਾਜਪਾ ਆਗੂਆਂ ਨੇ ਕਿਹਾ ਕਿ ਉਹ ਇੱਥੇ ਕੋਈ ਰੋਸ ਪ੍ਰਦਰਸ਼ਨ ਕਰਨ ਨਹੀਂ ਆਏ ਹਨ ਸਗੋਂ ਇਨ੍ਹਾਂ ਘੁਮਿਆਰਾਂ ਦੀ ਹਮਾਇਤ ਲਈ ਇੱਥੇ ਪੁੱਜੇ ਹਨ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਨੇ ਸ਼ਹਿਰ ਵਿੱਚ ਸੜਕਾਂ ਕੰਢੇ ਬੈਠ ਕੇ ਮਿੱਟੀ ਦੀਆਂ ਚੀਜ਼ਾਂ ਵੇਚਣ ਵਾਲੇ ਘੁਮਿਆਰਾਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਸਨ ਜਿਸ ਨੂੰ ਲੈ ਕੇ ਇਨ੍ਹਾਂ ਘੁਮਿਆਰਾਂ ਨੇ ਨਿਗਮ ਕੌਂਸਲਰਾਂ ਨਾਲ ਮੁਲਾਕਾਤ ਕੀਤੀ ਸੀ। ਘੁਮਿਆਰਾਂ ਨਾਲ ਕੀਤੀ ਗੱਲਬਾਤ ਤੋਂ ਬਾਅਦ ਅੱਜ ਭਾਜਪਾ ਆਗੂ ਸੈਕਟਰ 24 ਵਿੱਚ ਘੁਮਿਆਰਾਂ ਦੀ ਹਮਾਇਤ ’ਚ ਪੁੱਜੇ ਅਤੇ ਦੁਪਹਿਰ ਤੱਕ ਉੱਥੇ ਹੀ ਬੈਠੇ ਰਹੇ। ਇਸ ਦੌਰਾਨ ਇਨ੍ਹਾਂ ਘੁਮਿਆਰਾਂ ਨੂੰ ਹਟਾਉਣ ਪੁੱਜੀ ਐਨਫੋਰਸਮੈਂਟ ਵਿੰਗ ਦੀ ਟੀਮ ਬਿਨਾਂ ਕੋਈ ਕਾਰਵਾਈ ਕੀਤੇ ਬੇਰੰਗ ਵਾਪਸ ਪਰਤ ਗਈ। ਸੈਕਟਰ 24 ਵਿੱਚ ਸੜਕ ਕੰਢੇ ਬੈਠੇ ਘੁਮਿਆਰਾਂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਹਰ ਮਹੀਨੇ ਉਨ੍ਹਾਂ ਦੀ ਪਰਚੀ ਕੱਟੀ ਜਾਂਦੀ ਹੈ ਤੇ ਇਸ ਦੇ ਬਾਵਜੂਦ ਉਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਛੋਟੇ-ਛੋਟੇ ਧੰਦਿਆਂ ਨੂੰ ਹੱਲਾਸ਼ੇਰੀ ਦੇਣ ਦੀ ਗੱਲ ਕਰ ਰਹੇ ਹਨ ਤੇ ਸਵਦੇਸ਼ੀ ਚੀਜਾਂ ਨੂੰ ਅਪਨਾਉਣ ਲਈ ਪ੍ਰੇਰਿਤ ਕਰ ਰਹੇ ਹਨ ਅਤੇ ਦੂਜੇ ਪਾਸੇ ਚੰਡੀਗੜ੍ਹ ਨਗਰ ਨਿਗਮ ਉਨ੍ਹਾਂ ਨੂੰ ਉਜਾੜ ਰਿਹਾ ਹੈ।