ਪੱਤਰ ਪ੍ਰੇਰਕ
ਕੁਰਾਲੀ, 29 ਮਈ
ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮੀਟਿੰਗ ਖਾਲਸਾ ਸਕੂਲ ਵਿੱਚ ਹੋਈ। ਇਸ ਮੀਟਿੰਗ ਦੌਰਾਨ ਉੱਘੀ ਸਾਹਿਤਕਾਰ ਸੁਲਤਾਨਾ ਬੇਗਮ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਭਾ ਵਲੋਂ ਡਾ. ਰਾਜਿੰਦਰ ਸਿੰਘ ਕੁਰਾਲੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵਲੋਂ ਸਨਮਾਨ ਮਿਲਣ ਦੀ ਸ਼ਲਾਘਾ ਕੀਤੀ ਗਈ। ਮੀਟਿੰਗ ਦੌਰਾਨ ਚੱਲੇ ਸਾਹਿਤਕ ਦੌਰ ਦਾ ਆਗਾਜ਼ ਕੁਲਵਿੰਦਰ ਖੈਰਾਬਾਦੀ ਨੇ ਕਹਾਣੀ ‘ਸ਼ੁੱਧੀਕਰਨ’ ਰਾਹੀਂ ਕੀਤਾ। ਧਰਮ ਸਿੰਘ ਤਾਲਾਪੁਰੀ ਨੇ ‘ਪ੍ਰਦੂਸ਼ਣ’ ਕਵਿਤਾ ਰਾਹੀਂ ਵਾਤਾਵਰਨ ਦੀ ਸਵੱਛਤਾ ਪ੍ਰਤੀ ਜਾਗਰੂਕ ਕੀਤਾ। ਕੇਸਰ ਸਿੰਘ ਕੰਗ ਨੇ ਗੁਰਬਾਣੀ ਦੇ ਸ਼ਬਦ ਅਰਥਾਂ ਦੀ ਥਾਂ ਭਾਵ-ਅਰਥ ਅਤੇ ਮਾਨਵਵਾਦੀ ਸਰੂਪ ਨੂੰ ਸਮਝਣ ਲਈ ਦਲੀਲਾਂ ਪੇਸ਼ ਕੀਤੀਆਂ। ਚਰਨਜੀਤ ਸਿੰਘ ਕਤਰਾ ਨੇ ਮਿਨੀ ਕਹਾਣੀ ‘ਦੋਗਲੀ ਸੋਚ’ ਰਾਹੀਂ ਹਿੱਤਾਂ ਅਨੁਸਾਰ ਮਨੁੱਖੀ ਸੋਚ ਦੀ ਤਬਦੀਲੀ ਦੇ ਸੰਕਟ ਨੂੰ ਉਭਾਰਿਆ। ਸੀਤਲ ਸਿੰਘ ਸਹੌੜਾਂ ਨੇ ਗਜ਼ਲ ਰਾਹੀਂ ਸਮਾਜਿਕ ਤਬਦੀਲੀ ਦੀ ਗੁਹਾਰ ਲਗਾਈ। ਕੁਲਵੰਤ ਸਿੰਘ ਮਾਵੀ ਨੇ ਗੀਤ ‘ਬਾਪੂ’ ਰਾਹੀਂ ਵੱਡਿਆਂ ਦੇ ਸਤਿਕਾਰ ਦਾ ਸੁਨੇਹਾ ਦਿੱਤਾ। ਕਾਮਰੇਡ ਗੁਰਨਾਮ ਸਿੰਘ ਰੋਪੜ ਨੇ ਧਾਰਮਿਕ ਸਦਭਾਵਨਾ ਦੀ ਲੋੜ ’ਤੇ ਜ਼ੋਰ ਦਿੱਤਾ। ਭਰਪੂਰ ਸਿੰਘ ਢੋਲਣਮਾਜਰਾ ਨੇ ਕਿਸਾਨਾਂ ਅਤੇ ਬੇਰੁਜ਼ਗਾਰਾਂ ਦੇ ਦੁਖੜੇ ਸ਼ਿੱਦਤ ਨਾਲ ਬਿਆਨ ਕੀਤੇ। ਗੁਰਨਾਮ ਸਿੰਘ ਬਿਜਲੀ ਨੇ ਗਜ਼ਲਾਂ ਰਾਹੀਂ ਇਖਲਾਕ ਤੇ ਇਨਸਾਫ਼ ਦਾ ਪੈਗਾਮ ਦਿੱਤਾ। ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਗੁਰੂ ਅਮਰਦਾਸ ਜੀ ਵਲੋਂ ਨਾਰੀ ਦੇ ਉਥਾਨ ਅਤੇ ਸਮਾਜਿਕ ਸਮਾਨਤਾ ਲਈ ਕੀਤੇ ਕਾਰਜਾਂ ਦੀ ਪ੍ਰਸੰਗਿਕਤਾ ਨੂੰ ਉਜਾਗਰ ਕੀਤਾ। ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਨੇ ਗੀਤ ਰਾਹੀਂ ਰੰਗ ਬੰਨ੍ਹਿਆ ਤੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਜਨਰਲ ਸਕੱਤਰ ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਬਾਖੂਬੀ ਨਿਭਾਇਆ।