ਹਰਜੀਤ ਸਿੰਘ
ਡੇਰਾਬੱਸੀ, 3 ਮਾਰਚ
ਨੇੜਲੇ ਪਿੰਡ ਕਕਰਾਲੀ ਵਿੱਚ ਲੰਘੀ ਰਾਤ ਅੱਗ ਲੱਗਣ ਕਾਰਨ ਸੱਤ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਝੁੱਗੀਆਂ ਵਿੱਚ ਪਿਆ ਗਰੀਬ ਪਰਿਵਾਰਾਂ ਦਾ ਸਾਮਾਨ ਸੜ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਰਾਤ ਰਾਮਗੜ੍ਹ ਰੋਡ ’ਤੇ ਪਿੰਡ ਕਕਰਾਲੀ ਵਿੱਚ ਝੁੱਗੀਆਂ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਇਸ ਘਟਨਾ ਕਾਰਨ ਝੁੱਗੀ-ਝੋਪੜੀਆਂ ਦੇ ਵਸਨੀਕਾਂ ਵਿੱਚ ਭਾਜੜ ਪੈ ਗਈ। ਲੋਕਾਂ ਨੇ ਝੁੱਗੀਆਂ ਵਿੱਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਅੱਗ ਦੇ ਭਾਂਬੜ ਦੇਖ ਕੇ ਪਿੰਡ ਵਾਸੀ ਇਕੱਠੇ ਹੋ ਗਏ ਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। ਇਸ ਮਗਰੋਂ ਮੁਬਾਰਿਕਪੁਰ ਪੁਲੀਸ ਅਤੇ ਫਾਇਰ ਬ੍ਰਿਗੇਡ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ। ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਝੁੱਗੀਆਂ ਵਿੱਚ ਪਿਆ ਸਾਮਾਨ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਇਕ ਮੋਟਰਸਾਈਕਲ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਨੇ ਬੜੀ ਮੁਸ਼ਕਲ ਨਾਲ ਝੁੱਗੀਆਂ ਵਿੱਚ ਪਏ ਦੋ ਗੈਸ ਸਿਲੰਡਰ ਬਾਹਰ ਕੱਢ ਕੇ ਵੱਡਾ ਹਾਦਸਾ ਹੋਣ ਤੋਂ ਬਚਾਅ ਲਿਆ।