ਮੁਕੇਸ਼ ਕੁਮਾਰ
ਚੰਡੀਗੜ੍ਹ, 29 ਅਗਸਤ
ਇਥੋਂ ਦੇ ਸੈਕਟਰ-25 ਵਿੱਚ ਅੱਜ ਦੁਪਹਿਰ ਵੇਲੇ ਝੁੱਗੀਆਂ ਵਿੱਚ ਅੱਗ ਲੱਗਣ ਨਾਲ ਲੋਕਾਂ ਨੂੰ ਭਾਜੜਾਂ ਪੈ ਗਈਆਂ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਲੋਕਾਂ ਦਾ ਸਾਮਾਨ ਪੂਰੀ ਤਰਾਂ ਸੜ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਦੁਪਿਹਰ ਬਾਅਦ ਲਗਪਗ ਪੌਣੇ ਤਿੰਨ ਵਜੇ ਵਾਪਰੀ। ਸੂਚਨਾ ਮਿਲਣ ’ਤੇ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਪੁਲੀਸ ਦੀ ਟੀਮ ਮੌਕੇ ’ਤੇ ਪਹੁੰਚੀ। ਫਾਇਰ ਬ੍ਰਿਗੇਡ ਨੇ ਕਾਫੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਮੌਕੇ ’ਤੇ ਹਾਜ਼ਰ ਲੋਕਾਂ ਅਨੁਸਾਰ ਅੱਗ ਤੇਜ਼ੀ ਨਾਲ ਫੈਲੀ ਤੇ ਕਈ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਕਾਰਨ ਗਰੀਬ ਲੋਕਾਂ ਦਾ ਕਾਫੀ ਆਰਥਿਕ ਨੁਕਸਾਨ ਹੋਇਆ। ਫਾਇਰ ਬ੍ਰਿਗੇਡ ਨੇ ਅੱਗ ਨੂੰ ਫੈਲਣ ਤੋਂ ਬਚਾਅ ਲਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਇਲਾਕੇ ਦੇ ਲੋਕਾਂ ਨੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।