ਜਗਮੋਹਨ ਸਿੰਘ
ਰੂਪਨਗਰ, 3 ਜੁਲਾਈ
ਜ਼ਿਲ੍ਹਾ ਰੂਪਨਗਰ ਦੇ ਜੰਗਲਾਤ ਵਿਭਾਗ ਅਧੀਨ ਪੁਰਖਾਲੀ ਵਿਖੇ ਬਲਾਕ ਅਫਸਰ ਅਵਤਾਰ ਸਿੰਘ ਨੇ ਦਰੱਖਤਾਂ ਤੋਂ ਸੱਖਣੀਆਂ ਪਹਾੜੀਆਂ ਨੂੰ ਹਰਾ ਬਣਾਉਣ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਵੱਲੋਂ ਪਿੰਡਾਂ ਦੇ ਵਾਤਾਵਰਣ ਪ੍ਰੇਮੀਆਂ ਨੂੰ ਪ੍ਰੇਰਿਤ ਕਰਕੇ ਜੰਗਲ ਦੀਆਂ ਪਹਾੜੀਆਂ ’ਤੇ ਸੁਖਚੈਨ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਕੰਮ ਜੰਗਲਾਤ ਵਿਭਾਗ ਵੱਲੋਂ ਪੌਦੇ ਲਗਾਉਣ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਬਾਹਰ ਹੈ, ਭਾਵ ਇਹ ਕੰਮ ਉਨ੍ਹਾਂ ਵੱਲੋਂ ਆਪਣੀ ਨਿੱਜੀ ਦਿਲਚਸਪੀ ਤਹਿਤ ਬਿਨਾਂ ਮਹਿਕਮੇ ਦਾ ਕੋਈ ਪੈਸਾ ਖਰਚ ਕੀਤਿਆਂ ਕਰਵਾਇਆ ਜਾ ਰਿਹਾ ਹੈ। ਇਸ ਕੰਮ ਲਈ ਜਿੱਥੇ ਉਹ ਖੁਦ ਆਪਣੀ ਰੁਝੇਵਿਆਂ ਭਰੀ ਡਿਊਟੀ ਵਿੱਚੋਂ ਸਮਾਂ ਕੱਢ ਕੇ ਲੋਕਾਂ ਨਾਲ ਰਲ ਕੇ ਖੁਦ ਕਹੀ ਚਲਾਉਂਦੇ ਹੋਏ ਨਜ਼ਰ ਆਉਂਦੇ ਹਨ, ਉੱਥੇ ਹੀ ਪਿੰਡਾਂ ਦੇ ਵਾਤਾਵਰਣੀ ਪ੍ਰੇਮੀ ਵੀ ਸਵੈਇੱਛੁਕ ਤੌਰ ’ਤੇ ਬਿਨਾਂ ਕੋਈ ਪੈਸਾ ਵਸੂਲ ਕੀਤਿਆਂ ਉਨ੍ਹਾਂ ਦੀ ਮੱਦਦ ਕਰ ਰਹੇ ਹਨ। ਉਨ੍ਹਾਂ ਦੀ ਮਦਦ ਕਰ ਰਹੇ ਲੋਕਾਂ ਨੇ ਦੱਸਿਆ ਕਿ ਉਹ ਸੁਖਚੈਨ ਦੇ ਬੀਜ ਬੀਜਣ ਤੋਂ ਲੈ ਕੇ ਪੌਦਿਆਂ ਦੇ ਰੁੱਖ ਬਣਨ ਤੱਕ ਜੰਗਲਾਤ ਵਿਭਾਗ ਦੀ ਸਮਾਜ ਸੇਵਾ ਦੇ ਤੌਰ ’ਤੇ ਮਦਦ ਕਰਦੇ ਰਹਿਣਗੇ। ਬਲਾਕ ਅਫਸਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਵਾਰੀ 20000 ਬੀਜ ਬੀਜਣ ਦਾ ਟੀਚਾ ਮਿੱਥਿਆ ਗਿਆ ਹੈ ਤੇ ਜੇ ਉਨ੍ਹਾਂ ਦੀ ਮੁਹਿੰਮ ਕਾਮਯਾਬ ਹੋ ਗਈ ਤਾਂ ਇਸ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਮਾਜਰੀ ਘਾੜ ਦੀ ਪਹਾੜੀ ’ਤੇ ਬੀਜ ਬੀਜੇ ਲਾ ਚੁੱਕੇ ਹਨ ਅਤੇ ਦੋ ਹੋਰ ਪਹਾੜੀਆਂ ਤੇ ਬੀਜ ਬੀਜਣ ਤੋਂ ਬਾਅਦ ਨੇੜਲੇ ਪਿੰਡ ਕਕੌਟ ਵਿਖੇ ਵੀ ਇਹ ਬੀਜ ਬੀਜੇ ਜਾਣਗੇ। ਉਨ੍ਹਾਂ ਸਹਿਯੋਗ ਦੇ ਰਹੇ ਸਮੂਹ ਵਾਤਾਵਰਣ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।