ਹਰਜੀਤ ਸਿੰਘ
ਜ਼ੀਰਕਪੁਰ, 7 ਜੁਲਾਈ
ਇੱਥੋਂ ਨੇੜਲੇ ਪਿੰਡ ਛੱਤ ਦੀ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪਿੰਡ ਵਿੱਚ ਭਾਜਪਾ ਆਗੂਆਂ ਦਾ ਦਾਖਲਾ ਬੰਦ ਕਰ ਦਿੱਤਾ ਹੈ। ਇਸ ਸਬੰਧੀ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪਿੰਡ ਦੇ ਦਾਖ਼ਲ ਹੋਣ ਵਾਲੇ ਰਸਤਿਆਂ ’ਤੇ ਬੈਨਰ ਲਾ ਕੇ ਭਾਜਪਾ ਆਗੂਆਂ ਨੂੰ ਪਿੰਡ ਵਿੱਚ ਨਾ ਵੜਨ ਦੀ ਅਪੀਲ ਕੀਤੀ ਹੈ। ਕਿਸਾਨ ਸੰਘਰਸ਼ ਕਮੇਟੀ ਵੱਲੋਂ ਥਾਂ-ਥਾਂ ਲਾਏ ਬੈਨਰਾਂ ’ਤੇ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੈ, ‘‘ਜੋ ਕਿਸਾਨਾਂ ਨਾਲ ਖੜ੍ਹੇਗਾ, ਉਹ ਹੀ ਪਿੰਡ ਵਿੱਚ ਵੜੇਗਾ, ਭਾਜਪਾ ਆਗੂਆਂ ਦਾ ਪਿੰਡ ਵਿੱਚ ਆਉਣਾ ਸਖ਼ਤ ਮਨਾਂ ਹੈ।’’
ਪਿੰਡ ਛੱਤ ਕਿਸਾਨ ਸੰਘਰਸ਼ ਕਮੇਟੀ ਇਕਾਈ ਸਿੱਧੂਪੁਰ ਦੇ ਪ੍ਰੈੱਸ ਸਕੱਤਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਚੋਣਾਂ ਵਿੱਚ ਜਿਥੇ ਭਾਜਪਾ ਆਗੂਆਂ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਵੇਗਾ, ਉਥੇ ਉਨ੍ਹਾਂ ਦਾ ਪਿੰਡਾਂ ਵਿੱਚ ਦਾਖ਼ਲ ਹੋਣਾ ਬੰਦ ਕੀਤਾ ਜਾਵੇਗਾ। ਇਸ ਸਬੰਧੀ ਉਨ੍ਹਾਂ ਵੱਲੋਂ ਪਿੰਡ ਛੱਤ ਵਿੱਚ ਪੰਜ ਥਾਵਾਂ ’ਤੇ ਬੈਨਰ ਲਾ ਕੇ ਭਾਜਪਾ ਆਗੂਆਂ ਨੂੰ ਪਿੰਡ ਵਿੱਚ ਨਾ ਦਾਖ਼ਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਛੇਤੀ ਪੰਜਾਬ ਦੇ ਹੋਰ ਪਿੰਡਾਂ ਵਿੱਚ ਭਾਜਪਾ ਆਗੂਆਂ ਦਾ ਦਾਖ਼ਲਾ ਬੰਦ ਕੀਤਾ ਜਾਵੇਗਾ।